ਚੰਡੀਗੜ੍ਹ,11 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਾਮਪੁਰਾ ਫੂਲ ਵਿਖੇ ਅੱਜ ਇੱਕ ਫਲਾਈਓਵਰ ਦੇ ਉਦਘਾਟਨ ਮੌਕੇ ਦਿੱਤਾ ਗਿਆ ਭਾਸ਼ਣ ਚਰਚਾ ਵਿੱਚ ਹੈ। ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਡੀਆ ਸੰਚਾਲਕ ਰਤਨ ਸਿੰਘ ਧਾਲੀਵਾਲ ਦੇ ਖ਼ਿਲਾਫ਼ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਉਹ ਨਾ ਤਾਂ ਮੁੱਖ ਮੰਤਰੀ ਦੀ ਕੁਰਸੀ ਦੀ ਅਹੁਦੇ ਦੀ ਗਰਿਮਾ ਦੇ ਮੁਤਾਬਿਕ ਹੈ ਅਤੇ ਨਾ ਹੀ ਲੋਕਾਂ ਦੇ ਚੁਣੇ ਹੋਏ ਕਿਸੇ “ਨੁਮਾਇੰਦੇ ਅਤੇ ਮੀਡੀਆ” ਦੇ ਵਿਚਕਾਰ ਸੰਬੰਧਾਂ ਦੇ ਅਨੁਸਾਰ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਰਤਨਦੀਪ ਸਿੰਘ ਧਾਲੀਵਾਲ ਨੂੰ ਵਿਕਾਊ ਤੱਕ ਕਹਿ ਦਿੱਤਾ, ਮੁੱਖ ਮੰਤਰੀ ਨੇ ਇਥੋਂ ਤੱਕ ਹੇਠਲੇ ਦਰਜੇ ਦੀ ਭਾਸ਼ਾ ਵਰਤੀ ਕਿ “ਰਤਨ ਨੂੰ ਬੁਰਕੀ ਪੈ ਗਈ ਹੋਣੀ ਆਂ” ਵਰਗੇ ਸ਼ਬਦ ਵੀ ਵਰਤੇ। ਮੁੱਖ ਮੰਤਰੀ ਵੱਲੋਂ ਕਿਸੇ ਮੀਡੀਆ ਵਰਕਰ ਲਈ ਵਰਤੇ ਸ਼ਬਦਾਂ ਦੀ ਚਰਚਾ ਹੋਣੀ ਸੁਭਾਵਿਕ ਹੀ ਸੀ, ਚਰਚਾ ਹੀ ਨਹੀਂ ਸਗੋਂ ਇਸ ਦੀ ਨਿੰਦਾ ਵੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਵਰਤੇ ਗਏ ਸ਼ਬਦ ਉਹਨਾਂ ਦੇ ਅਹੁਦੇ ਮੁਤਾਬਕ ਢੁਕਵੇਂ ਨਹੀਂ ਹਨ। ਮੁੱਖ ਮੰਤਰੀ ਨੇ ਰਤਨ ਧਾਲੀਵਾਲ ‘ਤੇ ਪੈਸੇ ਲੈ ਕੇ ਖ਼ਬਰਾਂ ਲਗਾਉਣ ਦਾ ਦੋਸ਼ ਜਨਤਕ ਤੌਰ ‘ਤੇ ਲਗਾ ਤਾਂ ਦਿੱਤਾ ਪਰੰਤੂ ਇਹ ਆਪਣੇ ਆਪ ਵਿੱਚ ਇੱਕ ਜੁਰਮ ਬਣਦਾ ਹੈ ਕਿਉਂਕਿ ਮੁੱਖ ਮੰਤਰੀ ਨੇ ਸੈਂਕੜੇ ਲੋਕਾਂ ਦੇ ਸਾਹਮਣੇ ਕਿਸੇ ਮੀਡੀਆ ਵਰਕਰ ਦੀ ਕਿਰਦਾਰਕੁਸ਼ੀ ਕੀਤੀ ਹੈ। ਮੁੱਖ ਮੰਤਰੀ ਨੇ ਭਾਵੇਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕੁਝ ਲੋਕ ਐਵੇਂ ਚੀਕਾਂ ਮਾਰੀ ਜਾਂਦੇ ਹਨ ਪਰੰਤੂ ਜਦੋਂ ਮੁੱਖ ਮੰਤਰੀ ਆਪਣੇ ਭਾਸ਼ਣ ਦੌਰਾਨ ਰਤਨਦੀਪ ਸਿੰਘ ਧਾਲੀਵਾਲ ਦਾ ਜ਼ਿਕਰ ਕਰ ਰਹੇ ਸਨ, ਜੇਕਰ ਉਨਾਂ ਦੀ ਸਰੀਰਕ ਭਾਸ਼ਾ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਚੀਕਾਂ ਕਿਸ ਦੀਆਂ ਪੈ ਰਹੀਆਂ ਹਨ ਕਿਉਂਕਿ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਰੱਖਦੀ ਹੈ ਕਿ ਜੇਕਰ ਕਿਸੇ ਸੂਬੇ ਦੇ ਮੁਖੀ ਨੂੰ ਜਨਤਕ ਤੌਰ ‘ਤੇ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ 8-10 ਮਿੰਟ ਕਿਸੇ ਪੱਤਰਕਾਰ ਦੀ ਨਿੰਦਾ ਕਰਨ ਲਈ ਹੀ ਕੱਢਣੇ ਪੈਣ ਤਾਂ ਇਸ ਸਪੱਸ਼ਟ ਹੋ ਜਾਂਦਾ ਕਿ ਤੀਰ ਨਿਸ਼ਾਨੇ ‘ਤੇ ਲੱਗ ਰਹੇ ਹਨ ਅਤੇ ਪੀੜ੍ਹ ਵੀ ਡਾਹਢੀ ਹੋ ਰਹੀ ਹੈ।










