ਬਰਨਾਲਾ, 12 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਦੇਸ਼ ਅਤੇ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਬਰਾਬਰ ਦੇ ਭਾਈਵਾਲ ਬਣਾਇਆ ਜਾ ਸਕੇ। ਐਸ.ਡੀ. ਕਾਲਜ, ਬਰਨਾਲਾ ਵਿਖੇ ਕਰਵਾਏ ਗਏ ਖੇਤਰੀ ਯੁਵਕ ਮੇਲੇ ‘ਚ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ‘ਚ ਭਾਗ ਲੈਣ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਇਨਕਲਾਬੀ ਨਾਇਕਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨ ਨਾਇਕਾਂ ਦੇ ਆਦਰਸ਼ ਅਤੇ ਕੁਰਬਾਨੀਆਂ ਅੱਜ ਦੇ ਨੌਜਵਾਨਾਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਵਾਸਤੇ ਪ੍ਰੇਰਿਤ ਕਰਨ ਲਈ ਮਾਰਗਦਰਸ਼ਕ ਵਜੋਂ ਕੰਮ ਕਰਦੀਆਂ ਹਨ। ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਵੀ ਭਲਾਈ ਲਈ ਕੀਤੇ ਕੰਮਾਂ ਦਾ ਜ਼ਿਕਰ ਵੀ ਕੀਤਾ।
ਮੁੱਖ ਮੰਤਰੀ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੀ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੇ ਹਨ।ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਲਈ ਕਿਹਾ ਕਿਉਂਕਿ ਇਹੀ ਸਫ਼ਲਤਾ ਦੀ ਇੱਕੋ-ਇੱਕ ਕੁੰਜੀ ਹੈ। ਬਰਨਾਲਾ ਦੀ ਅਮੀਰ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਿਲ੍ਹਾ ਭੂਗੋਲਿਕ ਤੌਰ ‘ਤੇ ਛੋਟਾ ਹੋ ਸਕਦਾ ਹੈ ਪਰ ਇਸ ਨੇ ਵੱਡੇ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ ਅਤੇ ਬਲਵੰਤ ਗਾਰਗੀ, ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ, ਮੇਘ ਰਾਜ ਮਿੱਤਰ ਅਤੇ ਹੋਰ ਉੱਘੀਆਂ ਸਾਹਿਤਕ ਸ਼ਖਸੀਅਤਾਂ ਇਸ ਜ਼ਿਲ੍ਹੇ ਨਾਲ ਸਬੰਧਤ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਕਾਰਨ ਹੀ ਬਰਨਾਲਾ ਨੂੰ ਲੰਬੇ ਸਮੇਂ ਤੋਂ “ਪੰਜਾਬ ਦੀ ਸਾਹਿਤਕ ਰਾਜਧਾਨੀ” ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਅਨੇਕਾਂ ਵਿਦਿਆਰਥੀਆਂ, ਜਿਨ੍ਹਾਂ ਨੇ ਵਿਸ਼ਵ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ, ਨੂੰ ਨਿਖਾਰਨ ਵਿੱਚ ਐਸ.ਡੀ. ਕਾਲਜ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਜੀਵਨ ਅਤੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਲਈ ਇਸ ਸੰਸਥਾ ਦੀ ਮਹੱਤਵਪੂਰਨ ਭੂਮਿਕਾ ਨੂੰ ਯਾਦ ਕੀਤਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਕਾਲਜ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦਿਆਂ ਇਸੇ ਤਰੀਕੇ ਸਮਾਜ ਦੀ ਸੇਵਾ ਕਰਦਾ ਰਹੇਗਾ। ਇਸ ਮੌਕੇ ਐੱਸ ਡੀ ਕਾਲਜ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜੇ ਐਨ ਸ਼ਰਮਾ ਨੇ ਕਾਲਜ ਦੀ ਸਥਾਪਨਾ ਤੋਂ ਲੈਕੇ ਕਾਲਜ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ
ਜ਼ਿਕਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਸ੍ਰੀ ਰਾਜਿੰਦਰ ਗੁਪਤਾ,ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ, ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ, ਜਨਰਲ ਸਕੱਤਰ ਐੱਸ ਡੀ ਕਾਲਜ ਪ੍ਰਬੰਧਕੀ ਕਮੇਟੀ ਸ੍ਰੀ ਜੇ ਐਨ ਸ਼ਰਮਾ ਅਤੇ ਹੋਰ ਅਹੁਦੇਦਾਰ ਤੇ ਪਤਵੰਤੇ ਹਾਜ਼ਰ ਸਨ।










