Gee 98News

ਮੁੱਖ ਮੰਤਰੀ ਜੀ…ਇੱਕ ਚੱਕਰ ਬਰਨਾਲਾ ਦੇ ਸਦਰ ਬਾਜ਼ਾਰ ਦਾ ਵੀ ਲਾ ਜਾਇਓ ਕਿਉਂਕਿ ਸਾਡੀ ਤਾਂ ਕੋਈ ਗੱਲ ਨਹੀਂ ਸੁਣਦੈ…!

ਬਰਨਾਲਾ ,12 ਅਕਤੂਬਰ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਕੱਲ੍ਹ ਦੀ ਬਰਨਾਲਾ ਫੇਰੀ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕਰ ਗਈ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਦਾ ਜਹਾਜ਼ ਟਰਾਈਡੈਂਟ ਦੇ ਵਿਹੜੇ ਉਤਰਿਆ ਜਿੱਥੋਂ ਕਾਰਾਂ ਦੇ ਕਾਫ਼ਲੇ ਰਾਹੀਂ ਮੁੱਖ ਮੰਤਰੀ ਵਾਇਆ ਕਚਹਿਰੀ ਚੌਂਕ ਰੇਲਵੇ ਫਾਟਕ ਵਾਲੇ ਰਸਤੇ ਐਸਡੀ ਕਾਲਜ ਵਿੱਚ ਯੂਥ ਫੈਸਟੀਵਲ ‘ਚ ਪੁੱਜੇ। ਇਸ ਦੌਰਾਨ ਵੇਖਿਆ ਗਿਆ ਕਿ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਟਰਾਈਡੈਂਟ ਤੋਂ ਲੈ ਕੇ ਐਸਡੀ ਕਾਲਜ ਤੱਕ ਵਾਲਾ ਸਾਰਾ ਰਸਤਾ ਪੂਰੀ ਤਰ੍ਹਾਂ ਸਾਫ਼ ਕੀਤਾ ਹੋਇਆ ਸੀ, ਇਥੋਂ ਤੱਕ ਕਿ ਕਚਹਿਰੀ ਚੌਂਕ ਤੋਂ ਰੇਲਵੇ ਫਾਟਕ ਵਾਲੇ ਪਾਸੇ ਸੜਕ ‘ਤੇ ਬਿਲਕੁਲ ਵਿਚਕਾਰ ਪਿਆ ਵੱਡਾ “ਟੋਆ” ਵੀ ਕੱਲ੍ਹ ਭਰਿਆ ਗਿਆ ਜਦ ਕਿ ਇਹ ਕਈ ਦਿਨਾਂ ਤੋਂ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਸੀ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਨਗਰ ਕੌਂਸਲ ਦੇ ਕਰਮਚਾਰੀਆਂ/ਅਧਿਕਾਰੀਆਂ ਨੇ ਵੀ ਇਸ ਟੋਏ ਨੂੰ ਵੇਖਦੇ ਹੋਏ ਅੱਖਾਂ ਬੰਦ ਕੀਤੀਆਂ ਹੋਈਆਂ ਸਨ।

                         ਐਸਡੀ ਕਾਲਜ ਦੇ ਨੇੜੇ ਰੇਲਵੇ ਫਾਟਕਾਂ ‘ਤੇ ਬਣੇ ਫਲਾਈਓਵਰ ਦੇ ਹੇਠ ਪਿੱਲਰਾਂ ਦੇ ਵਿਚਕਾਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੁਝ ਇਸ ਤਰ੍ਹਾਂ ਸਫ਼ਾਈ ਕੀਤੀ ਹੋਈ ਸੀ ਜਿਵੇਂ ਉਥੇ ਕਿਸੇ ਧਾਰਮਿਕ ਸਮਾਗਮ ਦਾ ਆਯੋਜਨ ਕਰਨਾ ਹੋਵੇ ਜਦ ਕਿ ਇਸ ਜਗ੍ਹਾ ‘ਤੇ ਅਕਸਰ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਇੱਥੇ ਲੋਕਾਂ ਵੱਲੋਂ ਖੜੇ ਕੀਤੇ ਬੇਢੰਗੇ ਵਕੀਲਾਂ ਕਾਰਨ ਟਰੈਫਿਕ ਜਾਮ ਦੀ ਸਮੱਸਿਆ ਵੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਇਹ ਵੇਖਿਆ ਗਿਆ ਕਿ ਟਰਾਈਡੈਂਟ ਤੋਂ ਲੈ ਕੇ ਐਸਡੀ ਕਾਲਜ ਤੱਕ ਸਾਰਾ ਰਸਤਾ ਕੁਝ ਇਸ ਤਰ੍ਹਾਂ ਸਾਫ਼ ਕੀਤਾ ਹੋਇਆ ਸੀ ਜਿਵੇਂ ਲੰਮੇ ਸਮੇਂ ਦੀ ਤਪੱਸਿਆ ਤੋਂ ਉੱਠੇ ਕਿਸੇ ਸਾਧੂ ਨੇ 101 ਪਾਣੀ ਦੇ ਘੜਿਆਂ ਦਾ ਜਲਧਾਰਾ ਕੀਤਾ ਹੋਵੇ। ਹੁਣ ਸਵਾਲ ਇਹ ਉੱਠਦੇ ਹਨ ਕਿ ਸਿਰਫ਼ ਮੁੱਖ ਮੰਤਰੀ ਦੀ ਆਮਦ ਵਾਲੇ ਦਿਨ ਹੀ ਨਗਰ ਕੌਂਸਲ ਦੇ ਅਧਿਕਾਰੀ ਕਰਮਚਾਰੀ ਨੀਂਦ ਤੋਂ ਕਿਉਂ ਜਾਗੇ ਜਦ ਕਿ ਬਾਕੀ ਦਿਨਾਂ ਵਿੱਚ ਇਹ ਕੁੰਭਕਰਨੀ ਨੀਂਦ ਸੁੱਤੇ ਰਹਿੰਦੇ ਹਨ ਅਤੇ ਲੋਕਾਂ ਨੂੰ ਗੰਦਗੀ ਦੇ ਢੇਰਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Gee98 Ads

                         ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਕੱਲ੍ਹ ਬਰਨਾਲਾ ਫੇਰੀ ਮੌਕੇ ਉਹਨਾਂ ਵੱਲੋਂ ਵਰਤੇ ਗਏ ਰਸਤੇ ਦੀ ਸਾਫ਼ ਸਫ਼ਾਈ ਨੂੰ ਵੇਖਦੇ ਹੋਏ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਬਰਨਾਲਾ ਤੋਂ ਅੱਗੇ-ਪਿੱਛੇ ਜਾਂਦੇ ਹੋਏ ਹਫ਼ਤੇ-10 ਦਿਨਾਂ ਬਾਅਦ ਇੱਕ ਵਾਰ ਬਰਨਾਲਾ ਵਿੱਚ ਦੀ ਜ਼ਰੂਰ ਲੰਘ ਜਾਇਆ ਕਰਨ ਅਤੇ ਖਾਸ ਕਰਕੇ ਮੁੱਖ ਮੰਤਰੀ ਨੂੰ ਇੱਕ ਸਪੈਸ਼ਲ ਚੱਕਰ ਬਰਨਾਲਾ ਦੇ ਸਦਰ ਬਾਜ਼ਾਰ ਦਾ ਵੀ ਲਗਾਉਣਾ ਚਾਹੀਦਾ ਹੈ ਜਿੱਥੇ ਸੜਕ ਦੀ ਖਰਾਬ ਹਾਲਤ ਨੇ ਲੋਕਾਂ ਦੇ ਭਰਵੱਟੇ ਚੜਾਏ ਹੋਏ ਹਨ ਅਤੇ ਗੰਦਗੀ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਮੁੱਖ ਮੰਤਰੀ ਵੀ ਬਰਨਾਲਾ ਆਮਦ ਵਾਲੇ ਦਿਨ ਉਹਨਾਂ ਵੱਲੋਂ ਵਰਤੇ ਗਏ ਰਸਤੇ ਦੀ ਸਾਫ਼ ਸਫ਼ਾਈ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਇਹ ਸਿਰਫ਼ ਮੁੱਖ ਮੰਤਰੀ ਦੀ ਆਮਦ ਕਰਕੇ ਹੋਈ ਹੈ ਜਦਕਿ ਸੱਤਾਧਾਰੀ ਪਾਰਟੀ ਦੇ ਸਥਾਨਕ ਵੱਡੇ ਆਗੂ ਇਹਨਾਂ ਰਸਤਿਆਂ ਤੋਂ ਰੋਜ਼ ਕਈ ਕਈ ਵਾਰ ਲੰਘਦੇ ਹਨ ਪ੍ਰੰਤੂ ਰੱਬ ਜਾਣਦੈਂ ਕਿ ਬਰਨਾਲਾ ਦੇ ਬਾਜ਼ਾਰਾਂ ‘ਚ ਪਏ ਗੰਦਗੀ ਦੇ ਢੇਰਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਲੈੱਨਜ਼ ਕਵਰ ਕਿਉਂ ਨਹੀਂ ਕਰਦੇ ਜਾਂ ਫਿਰ ਸਫ਼ਾਈ ਲਈ ਜ਼ਿੰਮੇਵਾਰ ਕਰਮਚਾਰੀ/ਅਧਿਕਾਰੀ ਉਹਨਾਂ ਦੀ ਗੱਲ ਹੀ ਨਹੀਂ ਸੁਣਦੇ।

ਫੋਟੋ ਕੈਪਸ਼ਨ-ਬਰਨਾਲਾ ਦੇ ਐਸਡੀ ਕਾਲਜ ਵਿੱਚ ਯੂਥ ਫੈਸਟੀਵਲ ‘ਚ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ

error: Content is protected !!