ਬਰਨਾਲਾ, 20 ਦਸੰਬਰ, Gee98 News service-
-ਬਰਨਾਲਾ ਦੀ ਪੁੱਡਾ ਮਾਰਕੀਟ (ਹੁਣ ਅਲਾਲ ਮਾਰਕੀਟ) ਵਿੱਚ ਖੜੇ ਲੱਗਭੱਗ 100 ਸਾਲ ਪੁਰਾਣੇ ਇੱਕ ਨਿੰਮ ਦੇ ਹਰੇ ਭਰੇ ਦਰੱਖਤ ਨੂੰ ਪੂਰੀ ਤਰ੍ਹਾਂ ਕੱਟਣ ਦੇ ਰੋਸ ਵਜੋਂ ਵਾਤਾਵਰਨ ਪ੍ਰੇਮੀਆਂ ਨੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਪਹਿਲੀ ਕੜੀ ਵਜੋਂ ਅੱਜ ਵਾਤਾਵਰਣ ਪ੍ਰੇਮੀਆਂ ਨੇ ਮੌਕੇ ‘ਤੇ ਪੁੱਜ ਕੇ ਪੁੱਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਦਾ ਪ੍ਰਗਟਾਵਾ ਕਰਨ ਵਾਲੇ ਵਾਤਾਵਰਨ ਪ੍ਰੇਮੀਆਂ ਨੇ ਆਪਣੇ ਹੱਥਾਂ ਵਿੱਚ ਲਿਖਤੀ ਤਖਤੀਆਂ ਫੜੀਆਂ ਸਨ ਜਿਨਾਂ ‘ਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਲਿਖਿਆ ਹੋਇਆ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਬੂਟਾ ਸਿੰਘ ਜਵੰਧਾ ਪਿੰਡੀ, ਐਡਵੋਕੇਟ ਬੱਗਾ ਸਿੰਘ ਕਾਹਨੇਕੇ, ਆਕਾਸ਼ਦੀਪ ਸਿੰਘ ਭਦੌੜ, ਬਸੰਤ ਸਿੰਘ ਫਤਿਹਗੜ੍ਹ ਛੰਨਾਂ,ਰਾਜੂ ਸਿੰਘ ਧੌਲਾ, ਰਜਿੰਦਰ ਕੁਮਾਰ ਸ਼ਰਮਾਂ ਰਾਏਸਰ ਅਤੇ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਪੁੱਡਾ ਦੇ ਅਧਿਕਾਰੀਆਂ ਨੇ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਤੋਂ ਪੁੱਡਾ ਦੀ ਮਾਰਕੀਟ ਵਿੱਚ ਖੜੇ ਕੁਝ ਦਰੱਖਤ ਪੁੱਟਣ ਲਈ ਅਸੈਸਮੈਂਟ ਕਰਵਾਈ ਸੀ ਪ੍ਰੰਤੂ ਦਰੱਖਤ ਪੁੱਟਣ ਮੌਕੇ ਠੇਕੇਦਾਰ ਨੇ ਲੱਗਭੱਗ 100 ਸਾਲ ਖੜੇ ਇੱਕ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖਤ ਨੂੰ ਵੀ ਪੂਰੀ ਤਰ੍ਹਾਂ ਕੱਟ ਦਿੱਤਾ ਜਿਹੜਾ ਕਿ ਅਸੈਸਮੈਂਟ ਸੂਚੀ ਵਿੱਚ ਸ਼ਾਮਿਲ ਹੀ ਨਹੀਂ ਸੀ। ਉਹਨਾਂ ਕਿਹਾ ਕਿ ਠੇਕੇਦਾਰ ਦੀ ਇੰਨੀ ਜੁਰਅਤ ਨਹੀਂ ਕਿ ਉਹ ਪੁੱਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਇੱਕ ਹਰੇ ਭਰੇ ਵੱਡੇ ਦਰੱਖਤ ਨੂੰ ਕੱਟਣ ਦੀ ਗਲਤੀ ਕਰੇ। ਉਹਨਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਪੁੱਡਾ ਦੇ ਅਧਿਕਾਰੀਆਂ ਨੇ ਸੁੱਕੇ ਦਰੱਖਤ ਪੁੱਟਣ ਦੀ ਆੜ ਹੇਠ ਇੱਕ ਸੌ ਸਾਲ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖ਼ਤ ਨੂੰ ਪੂਰੀ ਤਰ੍ਹਾਂ ਕੱਟ ਕੇ ਵੱਡੀ ਘਪਲੇਬਾਜ਼ੀ ਕੀਤੀ ਹੈ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁੱਡਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਅਤੇ ਦਰੱਖਤ ਨੂੰ ਕੱਟਣ ਵਾਲਿਆਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਅਤੇ ਰਜਿੰਦਰ ਸ਼ਰਮਾ ਰਾਏਸਰ ਨੇ ਕਿਹਾ ਕਿ ਜੇਕਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਅਗਲਾ ਐਕਸ਼ਨ ਇਸ ਤੋਂ ਜਬਰਦਸਤ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ ਅਤੇ ਕਾਨੂੰਨੀ ਲੜਾਈ ਵੀ ਲੜੀ ਜਾਵੇਗੀ ਅਤੇ ਇਸ ਮੁੱਦੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਵੀ ਲਿਜਾਇਆ ਜਾਵੇਗਾ।
ਫੋਟੋ ਕੈਪਸ਼ਨ- ਰੋਸ ਪ੍ਰਦਰਸ਼ਨ ਸਮੇਂ ਗੱਲਬਾਤ ਕਰਦੇ ਹੋਏ ਵਾਤਾਵਰਨ ਪ੍ਰੇਮੀ ਅਤੇ ਕੱਟੇ ਗਏ ਨਿਮਦੇ ਦਰੱਖ਼ਤ ਦੀ ਤਸਵੀਰ











