ਬਰਨਾਲਾ, 30 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਧੰਨ ਧੰਨ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਪਿੰਡ ਪੰਡੋਰੀ ਦੇ ਬਾਨੀ ਬਾਬਾ ਗੱਜਣ ਸ਼ਾਹ ਦੀ ਯਾਦ ਨੂੰ ਸਮਰਪਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਸੁੰਦਰ ਦਸਤਾਰ ਮੁਕਾਬਲੇ ਪਿੰਡ ਪੰਡੋਰੀ ਵਿਖੇ ਬਾਬਾ ਗੱਜਣ ਸ਼ਾਹ ਜੀ ਦੇ ਅਸਥਾਨ ‘ਤੇ 31 ਦਸੰਬਰ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨ ਕੁਲਵੰਤ ਸਿੰਘ ਫੌਜੀ ਨੇ ਦੱਸਿਆ ਕਿ ਇਹਨਾਂ ਸੁੰਦਰ ਦਸਤਾਰ ਮੁਕਾਬਲਿਆਂ ਲਈ ਐਂਟਰੀ ਸਮਾਂ ਸਵੇਰੇ 10 ਵਜੇ ਤੱਕ ਹੋਵੇਗਾ ਅਤੇ ਇਹ ਦਸਤਾਰ ਮੁਕਾਬਲੇ 8 ਤੋਂ 15 ਸਾਲ ਤੱਕ ਅਤੇ 15 ਸਾਲ ਤੋਂ 20 ਸਾਲ ਤੱਕ ਉਮਰ ਵਰਗ ਦੀਆਂ ਦੋ ਸ਼੍ਰੇਣੀਆਂ ਵਿੱਚ ਵੱਖੋ ਵੱਖ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਦੋਵੇਂ ਵਰਗਾਂ ‘ਚ ਪਹਿਲੇ ਤਿੰਨ ਜੇਤੂਆਂ ਨੂੰ ਨਗਦ ਰਾਸ਼ੀ, ਦਸਤਾਰ ਅਤੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਦਸਤਾਰ ਮੁਕਾਬਲਿਆਂ ਵਿੱਚ ਪਿੰਡ ਪੰਡੋਰੀ ਦੇ ਆਸ-ਪਾਸ ਤੋਂ 15 ਕਿਲੋਮੀਟਰ ਤੱਕ ਦੇ ਨੌਜਵਾਨ ਭਾਗ ਲੈ ਸਕਣਗੇ। ਉਹਨਾਂ ਇਲਾਕੇ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਇਹਨਾਂ ਸੁੰਦਰ ਦਸਤਾਰ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ।










