ਚੰਡੀਗੜ੍ਹ,7 ਜਨਵਰੀ, Gee98 News service-
-ਗੀਤਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਦਾ ਅਸਰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ‘ਤੇ ਵੀ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ‘ਚ ਇੱਕ ਕੁੜੀ ਵੱਲੋਂ ਪਿਸਤੌਲ ਲਹਿਰਾਉਂਦੇ ਹੋਏ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖਾਈ ਦੇ ਰਹੀ ਕੁੜੀ ਨੇ ਪਿਸਤੌਲ ਲਹਿਰਾ ਕੇ ਇੱਕ ਪੰਜਾਬੀ ਗੀਤ ‘ਤੇ ਰੀਲ ਬਣਾਈ ਹੈ, ਜੋ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋਈ ਅਤੇ ਇਸ ਦਾ ਨੋਟਿਸ ਬਠਿੰਡਾ ਪੁਲਿਸ ਨੇ ਲਿਆ। ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਪੁਲਿਸ ਦੇ ਧਿਆਨ ਵਿੱਚ ਹੈ ਅਤੇ ਇਸ ਵਿਚਲੀ ਕੁੜੀ ਦੀ ਪਹਿਚਾਣ ਅਤੇ ਲੋਕੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਵੀਡੀਓ ਇੰਸਟਾਗ੍ਰਾਮ ਆਈਡੀ “ਮਨਦੀਪ ਕੌਰ ਉਰਫ ਮਨਦੀਪ ਸਹੋਤਾ” ਦੇ ਨਾਮ ‘ਤੇ ਪੋਸਟ ਕੀਤੀ ਗਈ ਹੈ, ਜਿੱਥੇ ਇਹੋ ਜਿਹੀਆਂ ਕਈ ਹੋਰ ਵੀਡੀਓਜ਼ ਵੀ ਹਨ ਜਿਨਾਂ ਵਿੱਚ ਇਹ ਕੁੜੀ ਹਥਿਆਰ ਲੈ ਕੇ ਡਾਂਸ ਕਰਦੀ ਹੈ ਅਤੇ ਹਥਿਆਰਾਂ ਨਾਲ ਐਕਸ਼ਨ ਕਰਦੀ ਦਿਖਾਈ ਦੇ ਰਹੀ ਹੈ। ਇਸੇ ਕੁੜੀ ਦੀ ਇੰਸਟਾਗ੍ਰਾਮ ਆਈਡੀ ‘ਤੇ ਪੰਜਾਬੀ ਗਾਣਿਆਂ ਤੇ ਹਥਿਆਰਾਂ ਨਾਲ ਹੋਰ ਰੀਲਾਂ ਵੀ ਬਣਾਈਆਂ ਹਨ। ਇੱਕ ਨੌਜਵਾਨ ਕੁੜੀ ਦੇ ਹੱਥ ਵਿੱਚ ਪਿਸਤੌਲ ਲਹਿਰਾਉਂਦੇ ਹੋਏ ਅਤੇ ਹੋਰ ਹਥਿਆਰਾਂ ਨਾਲ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਕਾਨੂੰਨ ਤੋੜਨ ਵਾਲਿਆਂ ਦੇ ਖ਼ਿਲਾਫ਼ ਬਿਨਾਂ ਕਿਸੇ ਭੇਦ ਭਾਵ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।










