ਚੰਡੀਗੜ੍ਹ ,8 ਜਨਵਰੀ, Gee98 News service
-ਨੈਸ਼ਨਲ ਮੈਡੀਕਲ ਕਮਿਸ਼ਨ ਨੇ ਜੰਮੂ ਦੇ ਵੈਸ਼ਨੋ ਦੇਵੀ ਮੈਡੀਕਲ ਕਾਲਜ ਦੀ MBBS ਦੀ ਮਾਨਤਾ ਰੱਦ ਕਰ ਦਿੱਤੀ ਹੈ। ਦੱਸ ਦੇਈਏ ਕਿ ਅਜੇ ਪਿਛਲੇ ਸਾਲ ਹੀ ਇੱਥੇ MBBS ਕੋਰਸ ਚਲਾਉਣ ਦੀ ਮਾਨਤਾ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਾਲਜ ਵਿੱਚ ਐਮਬੀਬੀਐਸ ਕਲਾਸਾਂ ਦੇ ਦਾਖਲੇ ‘ਚ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਹੁਣ ਇਸ ਕਾਲਜ ਦੇ ਮੌਜੂਦਾ ਐਮਬੀਬੀਐਸ ਵਿਦਿਆਰਥੀਆਂ ਨੂੰ ਹੋਰ ਕਾਲਜਾਂ ਵਿੱਚ ਸਿਫਟ ਕੀਤਾ ਜਾਵੇਗਾ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਕਮਿਸ਼ਨ ਨੇ ਇਹ ਫੈਸਲਾ ਕਾਲਜ ਵਿੱਚ ਮੁਸਲਿਮ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਵਿਵਾਦ ਪੈਦਾ ਹੋਣ ਤੋਂ ਬਾਅਦ ਲਿਆ ਹੈ। ਦਰਅਸਲ ਕਾਲਜ ‘ਤੇ ਦੋਸ਼ ਲੱਗੇ ਸਨ ਕਿ 2025-26 ਦੇ ਪਹਿਲੇ ਬੈਚ ਵਿੱਚ 42 ਮੁਸਲਿਮ, 7 ਹਿੰਦੂ ਅਤੇ 1 ਸਿੱਖ ਵਿਦਿਆਰਥੀ ਦਾ ਨਾਮ ਸੀਟ ਅਲਾਟਮੈਂਟ ਸੂਚੀ ਵਿੱਚ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਕਈ ਹਿੰਦੂ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਸੀਟ ਬਟਵਾਰੇ ਵਿੱਚ ਪੱਖਪਾਤ ਕੀਤਾ ਗਿਆ ਹੈ। ਦੋਸ਼ ਇਹ ਵੀ ਲੱਗੇ ਸਨ ਕਿ ਦਾਖ਼ਲੇ ਦੌਰਾਨ ਹਿੰਦੂ ਵਿਦਿਆਰਥੀਆਂ ਦੀ ਅਣਦੇਖੀ ਕੀਤੀ ਗਈ ਹੈ ਇਸ ਲਈ ਐਡਮਿਸ਼ਨ ਸੂਚੀ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਸੀ। ਹਿੰਦੂ ਸੰਗਠਨਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਇਹ ਕਾਲਜ ਮਾਤਾ ਵੈਸ਼ਨੂੰ ਦੇਵੀ ਦੇ ਭਗਤਾਂ ਦੇ ਚੜਾਵੇ ਨਾਲ ਚੱਲਦਾ ਹੈ ਇਸ ਲਈ ਇੱਥੇ ਹਿੰਦੂ ਵਿਦਿਆਰਥੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਟੀਮ ਨੇ 2 ਜਨਵਰੀ 2026 ਨੂੰ ਕਾਲਜ ਦਾ ਨਿਰੀਖਣ ਕੀਤਾ ਜਿਸ ਵਿੱਚ ਬੁਨਿਆਦੀ ਢਾਂਚੇ, ਪ੍ਰੋਫੈਸਰਾਂ ਦੀ ਸੰਖਿਆ ਅਤੇ ਹੋਰ ਗੰਭੀਰ ਤਰੁੱਟੀਆਂ ਸਾਹਮਣੇ ਆਈਆਂ। ਪੜ੍ਹਤਾਲ ਦੌਰਾਨ ਕਮਿਸ਼ਨ ਨੇ ਦੇਖਿਆ ਕਿ ਕਾਲਜ ਵਿੱਚ ਪ੍ਰੋਫੈਸਰਾਂ ਦੀ ਸੰਖਿਆ ਕਰੀਬ 39 ਫੀਸਦੀ ਘੱਟ ਸੀ ਇਸ ਤੋਂ ਇਲਾਵਾ ਟਿਊਟਰ ਅਤੇ ਹੋਰ ਸੀਨੀਅਰ ਰੈਜੀਡੈਂਟ ਡਾਕਟਰ ਵੀ 65 ਫੀਸਦੀ ਘੱਟ ਮਿਲੇ। ਮਰੀਜ਼ਾਂ ਦੀ ਸੰਖਿਆ ਵੀ ਨਿਰਧਾਰਿਤ ਨਿਯਮਾਂ ਤੋਂ ਕਾਫੀ ਘੱਟ ਮਿਲੀ। ਰਿਪੋਰਟ ਅਨੁਸਾਰ ਦੁਪਹਿਰ 1 ਵਜੇ ਤੱਕ ਓਪੀਡੀ ਵਿੱਚ ਸਿਰਫ 182 ਮਰੀਜ਼ ਮੌਜੂਦ ਸਨ ਜਦ ਕਿ ਘੱਟੋ ਘੱਟ 400 ਮਰੀਜ਼ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਕੇਵਲ 45 ਫ਼ੀਸਦੀ ਬੈੱਡਾਂ ‘ਤੇ ਮਰੀਜ਼ ਸਨ ਜਦਕਿ ਨਿਯਮ 80 ਫ਼ੀਸਦੀ ਦਾ ਹੈ। ਕਈ ਵਿਭਾਗਾਂ ਵਿੱਚ ਲੈਬੋਰੈਟਰੀ ਹੀ ਨਹੀਂ, ਰਿਸਰਚ ਲੈਬ ਨਹੀਂ ਅਤੇ ਲੈਕਚਰ ਥਿਏਟਰ ਵੀ ਨਿਯਮਾਂ ਦੇ ਅਨੁਸਾਰ ਨਹੀਂ ਬਣੇ ਹੋਏ। ਇਹ ਵੀ ਸਾਹਮਣੇ ਆਇਆ ਕਿ ਲਾਇਬਰੇਰੀ ਵਿੱਚ ਸਿਰਫ 744 ਕਿਤਾਬਾਂ ਹੀ ਸਨ ਜਦ ਕਿ ਘੱਟੋ ਘੱਟ 1500 ਕਿਤਾਬਾਂ ਜ਼ਰੂਰੀ ਹਨ। ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੇਵਲ ਦੋ ਆਪਰੇਸ਼ਨ ਥੀਏਟਰ ਹੀ ਕੰਮ ਕਰ ਰਹੇ ਸਨ ਜਦਕਿ ਘੱਟੋ ਘੱਟ ਪੰਜ ਅਪਰੇਸ਼ਨ ਥੀਏਟਰ ਹੋਣੇ ਚਾਹੀਦੇ ਹਨ। ਓਪੀਡੀ ਖੇਤਰ ਵਿੱਚ ਮਾਈਨਰ OT ਦੀ ਵਿਵਸਥਾ ਵੀ ਨਹੀਂ ਸੀ ਅਤੇ ਪੈਰਾ ਕਲੀਨਿਕਲ ਵਿਸ਼ਿਆਂ ਲਈ ਨਿਰਧਾਰਿਤ ਉਪਕਰਨ ਵੀ ਪ੍ਰਾਪਤ ਨਹੀਂ ਸਨ। ਜ਼ਿਕਰਯੋਗ ਹੈ ਕਿ ਇਸ ਕਾਲਜ ਨੂੰ ਪਿਛਲੇ ਸਾਲ ਹੀ 2025-26 ਲਈ 50 ਐਮਬੀਬੀਐਸ ਵਿਦਿਆਰਥੀਆਂ ਦੇ ਦਾਖ਼ਲੇ ਦੀ ਮਨਜ਼ੂਰੀ ਮਿਲੀ ਸੀ ਅਤੇ ਇਸ ਤੋਂ ਬਾਅਦ ਹੀ ਮੁਸਲਿਮ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ।










