ਬਰਨਾਲਾ ,8 ਜਨਵਰੀ ( ਨਿਰਮਲ ਸਿੰਘ ਪੰਡੋਰੀ)-
-ਲੁਟੇਰਿਆਂ ਦਾ ਆਤੰਕ ਬਾਦਸਤੂਰ ਜਾਰੀ ਹੈ ਅਤੇ ਇਹ ਬੇਖੌਫ਼ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਜਿੱਥੇ ਲੋਕਾਂ ਦਾ ਮਾਲੀ ਨੁਕਸਾਨ ਕਰ ਰਹੇ ਹਨ ਉਥੇ ਸਰੀਰਕ ਤੌਰ ‘ਤੇ ਵੀ ਨੁਕਸਾਨ ਕਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੀ ਇੱਕ ਸੰਘਰਸ਼ਸ਼ੀਲ ਮੁਲਾਜ਼ਮ ਆਗੂ ਦੇ ਨਾਲ ਲੁੱਟ ਖੋਹ ਦੀ ਇੱਕ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਜਨਰਲ ਸਕੱਤਰ ਰੁਪਿੰਦਰ ਬਾਵਾ ਸ਼ਹਿਣਾ ਇੱਕ ਲੁਟੇਰੇ ਦੀ ਲੁੱਟ ਖੋਹ ਦਾ ਸ਼ਿਕਾਰ ਹੋਈ, ਜਿਸ ਦੌਰਾਨ ਲੁਟੇਰੇ ਉਸ ਦਾ ਪਰਸ ਝਪਟ ਕੇ ਲੈ ਗਏ ਅਤੇ ਲੁੱਟ ਦੀ ਇਸ ਘਟਨਾ ਦੌਰਾਨ ਰੁਪਿੰਦਰ ਬਾਵਾ ਸਖ਼ਤ ਜ਼ਖਮੀ ਵੀ ਹੋ ਗਈ। ਜਾਣਕਾਰੀ ਅਨੁਸਾਰ ਲੁਟੇਰੇ ਵੱਲੋਂ ਪਰਸ ਖੋਹਣ ਲਈ ਮਾਰੀ ਜਬਰਦਸਤ ਝਪਟ ਨਾਲ ਰੁਪਿੰਦਰ ਬਾਵਾ ਸੜਕ ‘ਤੇ ਡਿੱਗ ਪਈ, ਜਿਸ ਨਾਲ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ, ਚਿਹਰੇ ‘ਤੇ ਵੀ ਸੱਟਾਂ ਲੱਗੀਆਂ ਅਤੇ ਉਸ ਦੀ ਇੱਕ ਬਾਂਹ ਦੋ ਥਾਵਾਂ ਤੋਂ ਟੁੱਟ ਗਈ। ਰੁਪਿੰਦਰ ਬਾਵਾ ਨਾਲ ਲੁੱਟ ਖੋਹ ਦੀ ਇਹ ਘਟਨਾ ਉਸ ਦੇ ਘਰ ਦੇ ਬਿਲਕੁਲ ਸਾਹਮਣੇ ਗਲੀ ਵਿੱਚ ਵਾਪਰੀ ਜਦੋਂ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਥਾਣਾ ਸ਼ਹਿਣਾ ਦੀ ਐਸਐਚਓ ਰੇਨੂ ਪਰੋਚਾ ਅਤੇ ਪੜ੍ਹਤਾਲੀਆ ਅਫਸਰ ਕਰਮਜੀਤ ਸਿੰਘ ਨੇ ਕਿਹਾ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜ਼ਾਲਮ ਲੁਟੇਰਾ ਜਲਦੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ। ਦੂਜੇ ਪਾਸੇ ਸੰਘਰਸ਼ੀਲ ਮੁਲਾਜ਼ਮ ਆਗੂ ਨਾਲ ਵਾਪਰੀ ਇਸ ਲੁੱਟ ਖੋਹ ਦੀ ਘਟਨਾ ‘ਤੇ ਜਥੇਬੰਦੀ ਦੀ ਪ੍ਰਧਾਨ ਬਲਰਾਜ ਕੌਰ, ਮੁਲਾਜ਼ਮ ਜਥੇਬੰਦੀਆਂ ਦੇ ਸੂਬਾ ਪੱਧਰੀ ਆਗੂ ਤਰਸੇਮ ਭੱਠਲ ਅਤੇ ਕਰਮਜੀਤ ਸਿੰਘ ਬੀਹਲਾ, ਡੀਸੀ ਦਫਤਰ ਇੰਪਲਾਈਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਅਤੇ ਜਨਰਲ ਸਕੱਤਰ ਵਿੱਕੀ ਡਾਬਲਾ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲੀ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਸ਼ਹਿਣਾ, ਮੁਲਾਜ਼ਮ ਡਿਫੈਂਸ ਕਮੇਟੀ ਦੇ ਬਲਵੰਤ ਸਿੰਘ ਭੁੱਲਰ ਅਤੇ ਪੀਐਸਐਸਐਫ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਕੁਮਾਰ ਚੀਮਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਫੋਟੋ ਕੈਪਸ਼ਨ-ਲੁੱਟ ਖੋਹ ਦੀ ਘਟਨਾ ਦੌਰਾਨ ਜ਼ਖ਼ਮੀ ਹੋਈ ਰੁਪਿੰਦਰ ਬਾਵਾ ਜੇਰੇ ਇਲਾਜ










