ਚੰਡੀਗੜ੍ਹ , 8 ਜਨਵਰੀ, Gee98 News service-
-ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਫਾਈਨੈਂਸਰ ਤੇ ਸੈਲੂਨ ਮਾਲਕ ਨੇ ਆਪਣੇ ਪਰਿਵਾਰ ਨੂੰ ਖ਼ਤਮ ਕਰਕੇ ਖ਼ੁਦ ਵੀ ਆਤਮ ਹੱਤਿਆ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਫਾਈਨੈਂਸਰ ਅਤੇ ਸੈਲੂਨ ਮਾਲਕ ਮਾਹੀ ਸੋਢੀ ਨੇ ਆਪਣੀਆਂ ਦੋ ਬੇਟੀਆਂ ਤੇ ਪਤਨੀ ਨੂੰ ਗੋਲੀ ਮਾਰੀ ਅਤੇ ਉਸ ਤੋਂ ਬਾਅਦ ਖੁਦ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਪੁਲਿਸ ਮੁਤਾਬਕ ਸਵੇਰੇ ਜਦੋਂ ਸਫਾਈ ਕਰਨ ਵਾਲੀ ਘਰ ਆਈ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਖੋਲਿਆ ਤਾਂ ਕਮਰੇ ਵਿੱਚ ਚਾਰ ਲਾਸ਼ਾਂ ਬੈੱਡ ‘ਤੇ ਪਈਆਂ ਸਨ। ਮ੍ਰਿਤਕ ਦੀ ਇੱਕ ਬੇਟੀ 10 ਸਾਲ ਦੀ ਸੀ ਅਤੇ ਦੂਜੀ ਦੀ ਉਮਰ 6 ਸਾਲ ਸੀ। ਪੁਲਿਸ ਨੇ ਮੌਕੇ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਇਹ ਘਟਨਾ ਸ਼ਹਿਰ ਦੇ ਹਰਮਨ ਨਗਰ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਦਾ ਨਾਮ ਜਸਵੀਰ ਕੌਰ ਤੇ ਇੱਕ ਬੇਟੀ ਦਾ ਨਾਮ ਮਨਵੀਰ ਕੌਰ ਸੀ। ਮੌਕੇ ‘ਤੇ ਪੁੱਜੇ ਪੱਤਰਕਾਰਾਂ ਨੂੰ ਗਵਾਂਢੀਆਂ ਨੇ ਦੱਸਿਆ ਕਿ ਸਾਰਾ ਪਰਿਵਾਰ ਮਿਲਣਸਾਰ ਸੀ ਅਤੇ ਉਹ ਰਾਤ ਵੀ ਖਾਣਾ ਖਾਣ ਤੋਂ ਬਾਅਦ ਇਕੱਠੇ ਹੀ ਘੁੰਮ ਕੇ ਆਏ ਪ੍ਰੰਤੂ ਸਵੇਰੇ ਪਤਾ ਲੱਗਿਆ ਕਿ ਇਹ ਮੰਦਭਾਗੀ ਵਾਰਦਾਤ ਹੋ ਗਈ ਹੈ ਜਿਸ ‘ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ। ਦੂਜੇ ਪਾਸੇ ਪੁਲਿਸ ਘਟਨਾ ਦੀ ਅਸਲੀ ਵਜ੍ਹਾ ਜਾਨਣ ਦੀ ਕੋਸ਼ਿਸ਼ ਵਿੱਚ ਜੁਟ ਗਈ ਹੈ। ਇਸ ਸਬੰਧੀ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਆਤਮ ਹੱਤਿਆ ਵਾਲੇ ਪਹਿਲੂ ਤੋਂ ਇਲਾਵਾ ਹੋਰ ਕਾਰਨਾਂ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ।










