Gee 98News

ਬਰਨਾਲਾ ,15 ਜੂਨ, (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਦੇ ਥਾਣਾ ਸਿਟੀ-1 ਦੀ ਪੁਲਿਸ ਨੇ ਸਾਬਕਾ ਕੌਂਸਲਰ ਜੱਗਾ ਸਿੰਘ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਦੋ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੱਗਾ ਸਿੰਘ ਦੇ ਭਰਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਸਵਨੀ ਕੁਮਾਰ ਉਰਫ਼ ਬੌਬੀ ਅਤੇ ਵਿਨੋਦ ਕੁਮਾਰ ਉਰਫ਼ ਟੀਟੂ ਵਾਸੀਅਨ ਧੂਰੀ ਦੇ ਖ਼ਿਲਾਫ਼ ਬੀਐਨਐਸ ਐਕਟ ਦੀ ਧਾਰਾ 108 ਅਤੇ 3(5) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮ੍ਰਿਤਕ ਜੱਗਾ ਸਿੰਘ ਦੇ ਭਰਾ ਮਲਕੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਭਰਾ ਜੱਗਾ ਸਿੰਘ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ ਜਿਸ ਨੇ ਉਕਤਾਨ ਦੋਸ਼ੀਆਂ ਨੂੰ ਬਰਨਾਲਾ ਦੀਆਂ ਸੇਖਾ ਕੈਂਚੀਆਂ ਨੇੜੇ ਇੱਕ ਜ਼ਮੀਨ ਦਾ ਸੌਦਾ ਕਰਵਾਇਆ ਸੀ ਜਿਸ ਦੀਆਂ ਰਜਿਸਟਰੀਆਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਉਕਤਾਨ ਦੋਸ਼ੀ ਉਸ ਦੇ ਭਰਾ ਨੂੰ ਕਮਿਸ਼ਨ ਦੇ ਪੈਸੇ ਦੇਣ ਤੋਂ ਆਨਾਕਾਨੀ ਕਰ ਰਹੇ ਸਨ ਜਿਸ ਕਰਕੇ ਉਹ ਕੁਝ ਸਮੇਂ ਤੋਂ ਪਰੇਸ਼ਾਨ ਸੀ ਅਤੇ ਬੀਤੀ ਰਾਤ ਉਸਨੇ ਇਸ ਪਰੇਸ਼ਾਨੀ ਦੇ ਚਲਦਿਆਂ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਦੱਸ ਦੇਈਏ ਕਿ ਮ੍ਰਿਤਕ ਜੱਗਾ ਸਿੰਘ ਦੀ ਜੇਬ ਵਿੱਚੋਂ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਜਿਹੜਾ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਉਕਤ ਦੋਵੇਂ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ‌ ਦੂਜੇ ਪਾਸੇ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਮ੍ਰਿਤਕ ਜੱਗਾ ਸਿੰਘ ਦੀ ਦੇਹ ਦਾ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜੱਗਾ ਸਿੰਘ ਦੇ ਭਰਾ ਠੇਕੇਦਾਰ ਮਲਕੀਤ ਸਿੰਘ ਮੀਤਾ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਸਸਕਾਰ ਨਹੀਂ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਇਸ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਪਰਿਵਾਰ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਥਾਣਾ ਸਿਟੀ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!