Gee 98News

ਪੰਜਾਬ ਵਿਧਾਨ ਸਭਾ ਚੋਣਾਂ….ਕਾਂਗਰਸੀ ਵਿਧਾਇਕਾਂ ਨੂੰ ਵਿਚਾਰ ਚਰਚਾ ਲਈ ਹਾਈਕਮਾਂਡ ਨੇ ਸੱਦਿਆ…!

MLA ਕਾਲਾ ਢਿੱਲੋਂ ਜ਼ਿਲ੍ਹੇ ਦੇ ਵਰਕਰਾਂ ਦੀਆਂ ਭਾਵਨਾਵਾਂ ਲੈ ਕੇ ਦਿੱਲੀ ਰਵਾਨਾ

ਬਰਨਾਲਾ, 16 ਜੂਨ (Gee98 news service)-

-ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਸਬੰਧੀ ਕਾਂਗਰਸ ਪਾਰਟੀ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਪੁੱਜ ਚੁੱਕੀਆਂ ਹਨ। ਕਾਂਗਰਸ ਪਾਰਟੀ ਦੀ ਕੇਂਦਰੀ ਹਾਈਕਮਾਂਡ ਨੇ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਨੂੰ ਅੱਜ ਦਿੱਲੀ ਸੱਦ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਹਾਈਕਮਾਂਡ ਦੀ ਉੱਚ ਪੱਧਰੀ ਕਮੇਟੀ ਵੱਲੋਂ ਪੰਜਾਬ ਦੇ ਇਕੱਲੇ ਇਕੱਲੇ ਵਿਧਾਇਕ ਨਾਲ ਵੱਖਰੇ ਤੌਰ ‘ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਤੇ ਪੰਜਾਬ ਵਿੱਚ ਕਾਂਗਰਸ ਦੀ ਲੀਡਰਸ਼ਿਪ ਸਬੰਧੀ ਅਤੇ ਪੰਜਾਬ ਦੇ ਲੋਕਾਂ ਦੀਆਂ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਸਬੰਧੀ ਭਾਵਨਾਵਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਕੇਂਦਰੀ ਹਾਈਕਮਾਂਡ ਦੇ ਅੱਜ ਦੇ ਦਿੱਲੀ ਸੱਦੇ ਦੀ ਪੁਸ਼ਟੀ ਕਰਦੇ ਹੋਏ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਕੇਂਦਰੀ ਹਾਈਕਮਾਂਡ ਤੋਂ ਮਿਲੇ ਸ਼ਡਿਊਲ ਤੋਂ ਸਪੱਸ਼ਟ ਹੁੰਦਾ ਹੈ ਕਿ ਕੱਲੇ ਕੱਲੇ ਵਿਧਾਇਕ ਨੂੰ ਹਾਈਕਮਾਂਡ ਵੱਲੋਂ ਵੱਖਰਾ ਵੱਖਰਾ ਸਮਾਂ ਦਿੱਤਾ ਜਾਵੇਗਾ, ਜਿਸ ਦੌਰਾਨ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਸਬੰਧੀ ਵਿਧਾਇਕ ਦੀਆਂ ਨਿੱਜੀ ਭਾਵਨਾਵਾਂ, ਉਸਦੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਪੰਜਾਬ ਦੀ ਮੌਜੂਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਮੁਤਾਬਕ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ‘ਤੇ ਵਿਚਾਰ ਕੀਤੀ ਜਾਵੇਗੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਅੱਜ ਦਿੱਲੀ ਜਾ ਰਹੇ ਹਨ ਅਤੇ ਉਹ ਕੇਂਦਰੀ ਹਾਈਕਮਾਂਡ ਅੱਗੇ ਆਪਣੀਆਂ, ਆਪਣੇ ਹਲਕੇ ਦੇ ਲੋਕਾਂ ਦੀਆਂ ਅਤੇ ਸੂਬੇ ਦੇ ਲੋਕਾਂ ਦੀਆਂ ਪੰਜਾਬ ਦੀ ਮੌਜੂਦਾ ਸਥਿਤੀ ਸਬੰਧੀ ਭਾਵਨਾਵਾਂ ਪੂਰੀ ਬੇਬਾਕੀ ਨਾਲ ਆਪਣੀ ਕੇਦਰੀ ਹਾਈਕਮਾਂਡ ਦੇ ਉੱਚ ਆਗੂਆਂ ਅੱਗੇ ਰੱਖਣਗੇ। ਵਿਧਾਇਕ ਢਿੱਲੋਂ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਪੂਰੀ ਮਜ਼ਬੂਤੀ ਨਾਲ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਨਿਤਰੇਗੀ ਅਤੇ ਵਿਰੋਧੀਆਂ ਨੂੰ ਖਦੇੜ ਦੇਵੇਗੀ। ਬਰਨਾਲਾ ਤੋਂ ਦਿੱਲੀ ਰਵਾਨਗੀ ਸਮੇਂ ਵਿਧਾਇਕ ਢਿੱਲੋਂ ਦੇ ਨਾਲ ਉਹਨਾਂ ਦੇ ਸਾਥੀ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ (ਆਦਮਪੁਰ) ਅਤੇ ਅਵਤਾਰ ਸਿੰਘ ਹੈਨਰੀ (ਜਲੰਧਰ) ਵੀ ਹਾਜ਼ਰ ਸਨ। ‌ ਕੇਂਦਰੀ ਹਾਈਕਮਾਂਡ ਦੇ ਸੱਦੇ ‘ਤੇ ਦਿੱਲੀ ਲਈ ਬਰਨਾਲਾ ਤੋਂ ਰਵਾਨਾ ਹੋਣ ਸਮੇਂ ਵਿਧਾਇਕ ਢਿੱਲੋਂ, ਵਿਧਾਇਕ ਕੋਟਲੀ ਅਤੇ ਵਿਧਾਇਕ ਬਾਵਾ ਹੈਨਰੀ ਨੇ ਇੱਕਸੁਰਤਾ ਵਿੱਚ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਸਬੰਧੀ ਕੇਂਦਰੀ ਹਾਈਕਮਾਂਡ ਦੀ ਸੰਜੀਦਗੀ ਨੇ ਪੰਜਾਬ ‘ਚ ਕਾਂਗਰਸ ਵਿਰੋਧੀ ਪਾਰਟੀਆਂ ਦੇ ਸਮੀਕਰਨ ਵਿਗਾੜੇ ਹੋਏ ਹਨ।

Gee98 Ads
error: Content is protected !!