Skip to main content

Gee 98News

ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤਾਂ ‘ਤੇ ਮੰਥਨ ਸ਼ੁਰੂ…ਵਿਦੇਸ਼ ਤੋਂ ਪਰਤਦੇ ਹੀ ਸ੍ਰੀ ਖੜਗੇ ਦੇ ਘਰ ਪੁੱਜੇ

– ਕੀ ਹੋਵੇਗਾ ਪੰਜਾਬ ਕਾਂਗਰਸ ਦਾ ਭਵਿੱਖ…ਰਾਹੁਲ ‘ਤੇ ਟਿਕੀਆਂ ਨਜ਼ਰਾਂ

ਚੰਡੀਗੜ੍ਹ,14 ਜੁਲਾਈ, Gee98 News service-

-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉੱਚ ਆਗੂਆਂ ‘ਚ ਅੰਦਰੂਨੀ ਮਤਭੇਦਾਂ ਸਬੰਧੀ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕੁਝ ਆਗੂਆਂ ‘ਚ ਮੰਥਨ ਸ਼ੁਰੂ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਰਾਹੁਲ ਗਾਂਧੀ ਅੱਜ ਵਿਦੇਸ਼ ਤੋਂ ਵਾਪਸ ਆਉਂਦੇ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕੁਅਰਜਨ ਖੜਗੇ ਦੇ ਘਰ ਪੁੱਜੇ ਹਨ ਜਿੱਥੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਕੀਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਿਪੋਰਟ ‘ਤੇ ਚਰਚਾ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਭਪੇਸ਼ ਬਘੇਲ ਨੇ ਪੰਜਾਬ ਦੇ ਛੇ ਦਿਨਾਂ ਦੌਰੇ ਤੋਂ ਬਾਅਦ ਜੋ ਰਿਪੋਰਟ ਤਿਆਰ ਕੀਤੀ ਉਹ ਪਾਰਟੀ ਦੇ ਜਨਰਲ ਸੈਕਟਰੀ ਕੇਸੀ ਵੈਣੂਗੋਪਾਲ ਨੂੰ ਸੌਂਪ ਦਿੱਤੀ ਸੀ ਜਿਸ ਤੋਂ ਬਾਅਦ ਕੇਸੀ ਵੇਣੂਗੋਪਾਲ ਪੰਜਾਬ ਦੀ ਰਿਪੋਰਟ ‘ਤੇ ਮਲਿਕਅਰਜਨ ਖੜਗੇ ਨਾਲ ਪਹਿਲਾਂ ਹੀ ਚਰਚਾ ਕਰ ਚੁੱਕੇ ਸਨ। ਚਰਚਾ ਹੈ ਕਿ ਰਾਹੁਲ ਗਾਂਧੀ ਵੱਲੋਂ ਭੂਪੇਸ਼ ਬਘੇਲ ਦੀ ਰਿਪੋਰਟ ‘ਤੇ ਮੰਥਨ ਕਰਨ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ ਅਤੇ ਰਾਹੁਲ ਗਾਂਧੀ ਦਾ ਇਹ ਫੈਸਲਾ ਹੀ ਪੰਜਾਬ ਕਾਂਗਰਸ ਦਾ ਭਵਿੱਖ ਤੈਅ ਕਰੇਗਾ। ਦੂਜੇ ਪਾਸੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਤੋਂ ਵਾਪਸ ਜਾਣ ਤੋਂ ਬਾਅਦ ਇੱਕ ਟਵੀਟ ਕਰਕੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ‘ਚ ਮੁੱਖ ਮੰਤਰੀ ਦਾ ਕੋਈ ਚਿਹਰਾ ਨਹੀਂ ਹੋਵੇਗਾ ਸਗੋਂ ਰਾਹੁਲ ਗਾਂਧੀ ਦੇ ਚਿਹਰੇ ‘ਤੇ ਹੀ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਭੂਪੇਸ਼ ਬਘੇਲ ਦੇ ਇਸ ਟਵੀਟ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਰਾਹੁਲ ਗਾਂਧੀ ਵੱਲ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਇਹ ਵੀ ਖ਼ਬਰਾਂ ਹਨ ਕਿ ਪੰਜਾਬ ਤੋਂ ਚਰਨਜੀਤ ਸਿੰਘ ਚੰਨੀ ਦਾ ਧੜਾ ਅੱਜ ਜਾਂ ਕੱਲ੍ਹ ਹੀ ਦਿੱਲੀ ਕੂਚ ਕਰ ਸਕਦਾ ਹੈ ਜਿੱਥੇ ਰਾਹੁਲ ਗਾਂਧੀ ਤੋਂ ਸਮਾਂ ਮਿਲਣ ਤੋਂ ਬਾਅਦ ਮੀਟਿੰਗ ਕੀਤੀ ਜਾ ਸਕੇਗੀ। ਕਿਉਂਕਿ ਚੰਨੀ ਗਰੁੱਪ ਨਾਲ ਰਾਣਾ ਗੁਰਜੀਤ ਸਿੰਘ ਦੇ ਘਰ ਭੂਪੇਸ਼ ਬਘੇਲ ਨਾਲ ਕੋਈ ਮੀਟਿੰਗ ਦਾ ਸਾਰਅੰਸ਼ ਇਹੋ ਨਿਕਲਿਆ ਸੀ ਕਿ ਚੰਨੀ ਗਰੁੱਪ ਸ੍ਰੀ ਰਾਹੁਲ ਗਾਂਧੀ ਨਾਲ ਮੀਟਿੰਗ ਕਰੇਗਾ। ਹੁਣ ਦੇਖਣ ਯੋਗ ਹੋਵੇਗਾ ਕਿ ਚੰਨੀ ਗਰੁੱਪ ਦੀ ਇਹ ਮੀਟਿੰਗ ਰਾਹੁਲ ਗਾਂਧੀ ਨਾਲ ਕਦੋਂ ਅਤੇ ਕਿਹੜੇ ਹਾਲਾਤਾਂ ਵਿੱਚ ਹੋਵੇਗੀ।

Gee98 Ads
error: Content is protected !!