-ਘਰ ਦਾ ਖਾਣਾ, ਵਾਟਰ ਕੂਲਰ ਅਤੇ ਫਰੀਜ਼ਰ ਦੀ ਮੰਗ
ਚੰਡੀਗੜ੍ਹ,14 ਜੁਲਾਈ, Gee98 News service-
ਨਾਭਾ ਜੇਲ੍ਹ ਵਿੱਚ ਬੰਦ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸਿਰਹਾਣੇ ਦੀ ਮੰਗ ‘ਤੇ ਮਜ਼ਾਕੀਆ ਟਿੱਪਣੀਆਂ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਨਾਂ ਵਿਭਾਗਾਂ ਤੋਂ ਜੇਲ੍ਹ ਵਿੱਚ ਬੰਦ ਇੱਕ ਕੈਬਨਿਟ ਮੰਤਰੀ ਨੇ ਵੀਆਈਪੀ ਸਹੂਲਤਾਂ ਦੀ ਮੰਗ ਕੀਤੀ ਹੈ। ਗੁਰੂਗ੍ਰਾਮ ਦੀ ਜੇਲ੍ਹ ‘ਚ ਬੰਦ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਜੇਲ੍ਹ ਦੀ ਰੋਟੀ ਅਤੇ ਪਾਣੀ ਸਵਾਦ ਨਹੀਂ ਲੱਗ ਰਿਹਾ ਜਿਸ ਕਰਕੇ ਉਹਨਾਂ ਨੇ ਅਦਾਲਤ ਵਿੱਚ ਵੱਖ ਵੱਖ ਤਿੰਨ ਪਟੀਸ਼ਨਾਂ ਦਾਇਰ ਕੀਤੀਆਂ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅਦਾਲਤ ਵਿੱਚ ਪਟੀਸ਼ਨਾਂ ਦਾਇਰ ਕਰਕੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਜਾਵੇ ਠੰਡੇ ਪਾਣੀ ਲਈ ਵਾਟਰ ਕੂਲਰ ਰੱਖਣ ਅਤੇ ਇੰਸੂਲਿਨ ਰੱਖਣ ਦੇ ਲਈ ਫਰੀਜ਼ਰ ਵੀ ਦਿੱਤਾ ਜਾਵੇ। ਅਦਾਲਤ ਨੇ ਈਡੀ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਕੈਬਨਿਟ ਮੰਤਰੀ ਦੀਆਂ ਇਹਨਾਂ ਮੰਗਾਂ ਸਬੰਧੀ ਜਵਾਬ ਮੰਗਿਆ ਹੈ। ਦੱਸਣਯੋਗ ਹੈ ਕਿ ਸੰਜੀਵ ਅਰੋੜਾ ਨੂੰ ਈਡੀ ਨੇ 9 ਮਈ ਨੂੰ ਚੰਡੀਗੜ੍ਹ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਸੰਜੀਵ ਅਰੋੜਾ ਨੂੰ ਮੋਬਾਈਲ ਐਕਸਪੋਰਟ ਅਤੇ ਮਨੀ ਲਾਂਡਰਿੰਗ ਮਾਮਲੇ ਦਾ ਮਾਸਟਰਮਾਈਂਡ ਦੱਸਿਆ ਹੈ, ਈਡੀ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਕਰੀਬ 103 ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ।
ਅਦਾਲਤ ਵਿੱਚ ਦਾਇਰ ਕੀਤੀਆਂ ਤਿੰਨ ਵੱਖ-ਵੱਖ ਪਟੀਸ਼ਨਾਂ ‘ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਜੇਲ੍ਹ ਦਾ ਖਾਣਾ ਬਿਲਕੁਲ ਪਸੰਦ ਨਹੀਂ ਆ ਰਿਹਾ ਇਸ ਲਈ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹਨਾਂ ਨੂੰ ਪਰਿਵਾਰ ਦੇ ਹੱਥ ਦਾ ਬਣਿਆ ਹੋਇਆ ਸ਼ੁੱਧ ਘਰ ਦਾ ਖਾਣਾ ਜੇਲ੍ਹ ਵਿੱਚ ਮੰਗਵਾਉਣ ਅਤੇ ਖਾਣ ਦੀ ਆਗਿਆ ਦਿੱਤੀ ਜਾਵੇ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਸੁਪਰਡੈਂਟ ਨੂੰ ਹੁਕਮ ਦਿੱਤੇ ਜਾਣ ਕਿ ਉਹਨਾਂ ਨੂੰ ਇੱਕ ਸਪੈਸ਼ਲ ਵਾਟਰ ਕੂਲਰ ਦਾ ਇੰਤਜ਼ਾਮ ਕਰਕੇ ਦਿੱਤਾ ਜਾਵੇ। ਆਪਣੀ ਤੀਜੀ ਮੰਗ ਵਿੱਚ ਆਪਣੀ ਸ਼ੂਗਰ ਦੀ ਬਿਮਾਰੀ ਦਾ ਜ਼ਿਕਰ ਕਰਦੇ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਉਹਨਾਂ ਨੂੰ ਰੈਗੂਲਰ ਇੰਸੂਲਿਨ ਦੇ ਇੰਜੈਕਸ਼ਨ ਲਗਾਉਣੇ ਪੈਂਦੇ ਹਨ ਇਹ ਇੰਸੂਲਿਨ ਖਰਾਬ ਨਾ ਹੋਵੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਅੰਦਰ ਫਰੀਜ਼ਰ ਦੀ ਸਹੂਲਤ ਵੀ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਹਨ ਪ੍ਰੰਤੂ ਉਹਨਾਂ ਕੋਲ ਹੁਣ ਕੋਈ ਵਿਭਾਗ ਨਹੀਂ ਹੈ। ਸੰਜੀਵ ਅਰੋੜਾ ਕੋਲ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਤੋਂ ਇਲਾਵਾ, ਇੰਡਸਟਰੀ ਅਤੇ ਪਾਵਰ ਵਰਗੇ ਮਹੱਤਵਪੂਰਨ ਵਿਭਾਗ ਸਨ ਪ੍ਰੰਤੂ ਜਦੋਂ ਈਡੀ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਇਹ ਸਾਰੇ ਵਿਭਾਗ ਪੰਜਾਬ ਦੇ ਹੋਰ ਮੰਤਰੀਆਂ ਵਿੱਚ ਵੰਡ ਦਿੱਤੇ ਸਨ ਜਦਕਿ ਸੰਜੀਵ ਅਰੋੜਾ ਦਾ ਕੈਬਨਿਟ ਰੈਂਕ ਬਰਕਰਾਰ ਰੱਖਿਆ ਸੀ। ਸੰਜੀਵ ਅਰੋੜਾ ਨੇ ਗੁਰੂਗ੍ਰਾਮ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਸੀ ਪ੍ਰੰਤੂ ਅਦਾਲਤ ਨੇ ਉਹ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਹੈ ਜਿਸ ‘ਤੇ ਸੁਣਵਾਈ ਚੱਲ ਰਹੀ ਹੈ।