ਬਰਨਾਲਾ,18 ਜੁਲਾਈ (ਨਿਰਮਲ ਸਿੰਘ ਪੰਡੋਰੀ)-
-ਭਾਰਤੀ ਜਨਤਾ ਪਾਰਟੀ ਨੇ ਬਰਨਾਲਾ ਜ਼ਿਲ੍ਹੇ ਦੀ ਕਮਾਂਡ ਆਪਣੇ ਤੇਜ਼ ਤਰਾਰ ਆਗੂ ਨਰਿੰਦਰ ਗਰਗ ਨੀਟਾ ਦੇ ਹੱਥ ਸੌਂਪ ਦਿੱਤੀ ਹੈ। ਭਾਜਪਾ ਵੱਲੋਂ ਅੱਜ ਆਪਣੇ ਕਈ ਜਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਐਲਾਨੀ ਸੂਚੀ ਵਿੱਚ ਬਰਨਾਲਾ ਲਈ ਨਰਿੰਦਰ ਗਰਗ ਨੀਟਾ ਦਾ ਨਾਮ ਵੀ ਦਰਜ ਹੈ। ਉੰਝ ਤਾਂ ਕਈ ਮਹੀਨਿਆਂ ਤੋਂ ਨਰਿੰਦਰ ਗਰਗ ਨੀਟਾ ਦਾ ਨਾਮ ਦਾਅਵੇਦਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ ਪ੍ਰੰਤੂ ਕੇਵਲ ਸਿੰਘ ਢਿੱਲੋ ਦੇ ਭਾਜਪਾ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੀ ਜ਼ਿਲ੍ਹਾ ਪ੍ਰਧਾਨਗੀ ਦੇ ਸੰਦਰਭ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਸਿਰਫ਼ ‘ਐਲਾਨ ਹੀ ਬਾਕੀ’ ਹੈ ਅਤੇ ਕੇਵਲ ਸਿੰਘ ਢਿੱਲੋਂ ਨੇ ਵੀ ਨਰਿੰਦਰ ਗਰਗ ਨੀਟਾ ਦੀ ਵਫ਼ਾਦਾਰੀ ਦਾ ਇਨਾਮ ਪਾਰਟੀ ਸੰਗਠਨ ਵਿੱਚ ਇੱਕ ਅਜਿਹੇ ਅਹੁਦੇ ਦੇ ਰੂਪ ਵਿੱਚ ਦਿੱਤਾ ਜਿਸ ਨੂੰ ਭਾਜਪਾ ਦੇ ਸੰਗਠਨਾਤਮਿਕ ਢਾਂਚੇ ‘ਚ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਨਰਿੰਦਰ ਗਰਗ ਨੀਟਾ ਨੂੰ ਵਧਾਈਆਂ ਦੇਣ ਵਾਲੇ ਨਾਵਾਂ ਦੀ ਸੂਚੀ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਗਰਗ ਪਰਿਵਾਰ ਦਾ ਦਰਜਾ ਬਰਨਾਲਾ ਦੀ ਰਾਜਨੀਤੀ ਵਿੱਚ ਹੋਰ ਵੀ ਉੱਚਾ ਜਾਪਦਾ ਹੈ। ਬਰਨਾਲਾ ‘ਚ ਜੇਕਰ ਕੇਵਲ ਸਿੰਘ ਢਿੱਲੋ ਅਤੇ ਨਰਿੰਦਰ ਗਰਗ ਨੀਟਾ ਦੀ ਨੇੜਤਾ ਦੀ ਗੱਲ ਕਰਨੀ ਹੋਵੇ ਤਾਂ ਸੱਜੀਆਂ ਖੱਬੀਆਂ ਬਾਹਵਾਂ ਵਾਲੀ ਧਾਰਨਾ ਤੋਂ ਵੀ ਅੱਗੇ ਨੀਟੇ ਨੂੰ ਕੇਵਲ ਸਿੰਘ ਢਿੱਲੋਂ ਦੀ ਮੁੱਛ ਦਾ ਵਾਲ ਮੰਨਿਆ ਜਾਂਦਾ ਹੈ। ਬਰਨਾਲਾ ਦੇ ਰਾਜਨੀਤਿਕ ਪਲੇਟਫਾਰਮ ‘ਤੇ ਕੁਝ ਪਰਿਵਾਰਾਂ ਵਿੱਚੋਂ ਮੂਹਰਲੀਆਂ ਸਫ਼ਾਂ ‘ਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਪਰਿਵਾਰ ਨਾਲ ਸਬੰਧਿਤ ਨਰਿੰਦਰ ਗਰਗ ਨੀਟਾ ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਹੀ ਰਹੇ ਹਨ ਅਤੇ ਉਹਨਾਂ ਦੇ ਪਿਤਾ ਰਘਵੀਰ ਪ੍ਰਕਾਸ਼ ਗਰਗ ਵੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਹੇ ਹਨ। ਕਈ ਸਾਲਾਂ ਤੋਂ ਨੀਟੇ ਦੇ ਰਿਹਾਇਸ਼ੀ ਖੇਤਰ ਦੇ ਵਸਨੀਕ ਗਰਗ ਪਰਿਵਾਰ ਨੂੰ ਨਗਰ ਕੌਂਸਲ ਦੀ ਕੁਰਕੀ ਸੌਂਪਦੇ ਕੁਰਸੀ ਆਏ ਹਨ ਅਤੇ ਨਗਰ ਨਿਗਮ ਬਰਨਾਲਾ ਬਣਨ ਤੋਂ ਬਾਅਦ ਵੀ ਵਾਰਡ ਦੇ ਲੋਕਾਂ ਨੇ ਨਰਿੰਦਰ ਗਰਗ ਨੀਟਾ ਦੀ ਪਤਨੀ ਮਮਤਾ ਗਰਗ ਨੂੰ ਕੌਂਸਲਰ ਦੀ ਕੁਰਸੀ ‘ਤੇ ਬਿਠਾ ਪਰਿਵਾਰ ਦਾ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਮਾਣ ਸਤਿਕਾਰ ਕਾਇਮ ਰੱਖਿਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਬਰੂਹਾਂ ‘ਤੇ ਜਿੱਥੇ ਬਰਨਾਲਾ ਦੀ ਕਮਾਂਡ ਨਰਿੰਦਰ ਦੇ ਹੱਥ ਆਉਣ ਤੋਂ ਬਾਅਦ ਨੀਟਾ ਦੇ ਸਿਰ ਬਰਨਾਲਾ ਵਿਧਾਨ ਸਭਾ ਸੀਟ ਨੂੰ ਜਿੱਤਣ ਦੀ ਵੱਡੀ ਜ਼ਿੰਮੇਵਾਰੀ ਰਹੇਗੀ, ਕਿਉਂਕਿ ਕੇਵਲ ਸਿੰਘ ਢਿੱਲੋਂ ਦੇ ਹੱਥ ਸੂਬਾ ਪ੍ਰਧਾਨਗੀ ਆਉਣ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਦੀ ਸੀਟ ਭਾਜਪਾ ਲਈ ਪਹਿਲਾਂ ਨਾਲੋਂ ਜ਼ਿਆਦਾ ਅਹਿਮੀਅਤ ਵਾਲੀ ਬਣ ਚੁੱਕੀ ਹੈ। ਨਰਿੰਦਰ ਗਰਗ ਨੀਟੇ ਦੀ ਜ਼ਿਲ੍ਹਾ ਪ੍ਰਧਾਨਗੀ ਨਾਲ ਇੱਕ ਹੋਰ ਇਤਿਹਾਸਿਕ ਪਲ ਵੀ ਜੁੜਨ ਜਾ ਰਿਹਾ ਹੈ ਕਿ ਬਰਨਾਲਾ ਦੇ ਹੰਡਿਆਇਆ ਰੋਡ ‘ਤੇ ਭਾਜਪਾ ਦੇ ਬਹੁ ਕਰੋੜੀ ਜ਼ਿਲ੍ਹਾ ਦਫ਼ਤਰ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਬੈਠਣ ਵਾਲਾ ਪਹਿਲੇ ਜ਼ਿਲ੍ਹਾ ਪ੍ਰਧਾਨ ਦਾ ਮਾਣ ਵੀ ਨਰਿੰਦਰ ਗਰਗ ਨੀਟਾ ਨੂੰ ਮਿਲੇਗਾ।