Skip to main content

Gee 98News

ਬੋਲ ਪੰਡੋਰੀ ਦੇ….ਰੰਗ ਬਿਰੰਗੀ ਰਾਜਨੀਤੀ….!

ਬੋਲ ਪੰਡੋਰੀ ਦੇ….ਰੰਗ ਬਿਰੰਗੀ ਰਾਜਨੀਤੀ….!

-ਕੀ ਗੋਰਾ ਕੀ ਕਾਲਾ…ਦੋਵੇਂ ਰੱਬ ਦੇ ਰੰਗ ਕੁੜੇ…ਇਹ ਗੀਤ ਮੁਹੰਮਦ ਸਦੀਕ ਨੇ ਗਾਇਆ ਹੈ..ਅਸਲ ਵਿੱਚ ਸਾਰੀ ਰੰਗਾਂ ਦੀ ਹੀ ਖੇਡ ਹੈ..ਰੰਗ ਬਿਰੰਗੇ ਕੱਪੜੇ…ਰੰਗ ਬਿਰੰਗੀ ਦੁਨੀਆਂ…ਤੇ ਰੰਗ ਬਿਰੰਗੀ ਰਾਜਨੀਤੀ, ਲੋਕ ਮੁਹੰਮਦ ਸਦੀਕ ਦੀ ਗੱਲ ਨੂੰ ਬਾਖ਼ੂਬੀ ਜਾਣਦੇ ਨੇ ਕਿ ਰੰਗ ਦੋਵੇਂ ਹੀ ਰੱਬ ਦੇ ਨੇ…ਫਿਰ ਵੀ ਕਿਤੇ ਨਾ ਕਿਤੇ ਆ ਕੇ ਜਦੋਂ ਗੱਲ ਪਸੰਦ ਜਾਂ ਨਾਪਸੰਦ ਦੀ ਹੁੰਦੀ ਹੈ..ਲੋਕ ਰੰਗ ਵਿੱਚ ਹੀ ਉਲਝ ਜਾਂਦੇ ਨੇ…ਅਖੇ ਜੀ ਰਿਸ਼ਤਾ ਮਨਜ਼ੂਰ ਨਹੀਂ…ਕੁੜੀ ਜਾਂ ਮੁੰਡੇ ਦਾ ਰੰਗ ਥੋੜਾ ਜਿਹਾ ਪੱਕਾ…ਕਾਲੇ ਰੰਗ ‘ਤੇ ਆਹ ਕੱਪੜੇ ਨਹੀਂ ਜੱਚਦੇ…ਗੋਰੇ ਰੰਗ ‘ਤੇ ਆਹ ਕੱਪੜੇ ਜੱਚਦੇ ਹਨ। ਇਹ ਪਸੰਦ ਜਾਂ ਨਾਪਸੰਦ ਦੀ ਭਾਵਨਾ ਦਾ ਘੇਰਾ ਹੁਣ ਬਹੁਤ ਵੱਡਾ ਹੋ ਚੁੱਕਿਆ ਹੈ। ਜਦੋਂ ਰਾਜਨੀਤਿਕ ਪਲੇਟਫਾਰਮ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਲੋਕ ਪਤਾ ਨਹੀਂ ਕਿਉਂ ਰੰਗਾਂ ਵਿੱਚ ਉਲਝ ਜਾਂਦੇ ਨੇ…ਨੀਲਾ, ਚਿੱਟਾ, ਲਾਲ, ਪੀਲਾ, ਹਰਾ ਵਗੈਰਾ ਵਗੈਰਾ…ਕਿਸੇ ਸਿਆਸੀ ਪਾਰਟੀ ਦੇ ਵਰਕਰ ਦੇ ਨਜ਼ਰੀਏ ਤੋਂ ਸੋਚੀਏ ਤਾਂ….”ਜਿਹੜੇ ਰੰਗ ਦੀ ਪੱਗ ਮੇਰੇ ਯਾਰ ਨੇ ਬੰਨ ਲਈ..ਉਹੀ ਰੰਗ ਮੇਰਾ…ਮੈਂ ਉਸੇ ਰੰਗ ਵਿੱਚ ਰੰਗਿਆ ਗਿਆ..ਤੇ ਫਿਰ ਦੂਜਿਆਂ ਦੇ ਰੰਗ ਮੇਰੀਆਂ ਅੱਖਾਂ ਵਿੱਚ ਰੜਕਦੇ ਨੇ…ਜਿਵੇਂ ਮਾਨਸਾ ਵਾਲੇ ਝੋਟੇ ਦੀਆਂ ਅੱਖਾਂ ‘ਚ ਨਸ਼ਾ ਤਸਕਰ ਰੜਕਦੇ ਨੇ…ਤੇ ਉਹ ਖਿੱਚ ਖਿੱਚ ਕੇ ਲਿਆਉਂਦਾ ਬਾਹਰ ਕੱਢ ਕੇ…ਉਵੇਂ ਜਿਵੇਂ ਮੇਰੀਆਂ ਅੱਖਾਂ ‘ਚ ਰੜਕਣ ਵਾਲਾ ਰੰਗ ਜੇ ਮੇਰੇ ਸਾਹਮਣੇ ਆ ਗਿਆ ਤਾਂ ਖਿੱਚ ਕੇ ਲੈਜੂ…ਤੇ ਜੇ ਮੇਰੇ ਯਾਰ ਦੇ ਪਸੰਦੀਦਾ ਰੰਗ ਦੇ ਵੱਲ ਕਿਸੇ ਨੇ ਅੱਖ ਚੁੱਕੀ ਤਾਂ ਅਸੀਂ ਅੱਖਾਂ ਵੀ ਕੱਢ ਦਿਆਂਗੇ…ਗੱਲ ਬੱਸ ਐਨੀ ਕੁ ਹੀ ਹੈ…ਅਜੋਕੇ ਦੌਰ ਦੀ ਰਾਜਨੀਤੀ ਰੰਗਾਂ ਤੋਂ ਹੀ ਸ਼ੁਰੂ ਹੁੰਦੀ ਹੈ…ਤੇ ਰੰਗਾਂ ‘ਤੇ ਹੀ ਖਤਮ ਹੋ ਜਾਂਦੀ ਹੈ…ਤੇ ਰੰਗਾਂ ਵਿੱਚ ਹੀ ਉਲਝੀ ਹੋਈ ਹੈ…ਹੁਣ ਤੁਸੀਂ ਵੇਖ ਲਵੋ ਕਿ ਤੁਹਾਡਾ ਰੰਗ ਕਿਹੜਾ ਹੈ… ਧਿਆਨ ਰੱਖਿਓ ! ਬੱਸ ਰੰਗ ਹੀ ਵੇਖਿਓ…ਮੁੱਦੇ ਜਾਣ ਢੱਠੇ ਖੂਹ ‘ਚ…ਮੁੱਦਿਆਂ ਦੇ ਮਾਰੋ ਗੋਲੀ… ਹਾਂ ਸੱਚ ਜੇਕਰ ਰਾਜਨੀਤੀ ਨੇ ਤੁਹਾਡੀਆਂ ਭਾਵਨਾਵਾਂ ਜ਼ਖ਼ਮੀ ਕਰ ਦਿੱਤੀਆਂ ਤਾਂ ਤੁਸੀਂ ਰੰਗ ਬਦਲ ਵੀ ਸਕਦੇ ਹੋ… ਕਿਸੇ ਵੱਡੇ ਲਲਾਰੀ ਨੂੰ ਕਹਿ ਦਿਓ…ਤੁਹਾਡਾ “ਪਰਨਾ” ਤੁਹਾਡੇ ਨਵੇਂ ਯਾਰ ਦੀ ਪੱਗ ਵਰਗਾ ਮਿੰਟਾਂ ਸਕਿੰਟਾਂ ਵਿੱਚ ਰੰਗ ਦੇਵੇਗਾ… ਪੱਗਾਂ ਦੀ ਗੱਲ ਛੱਡੋ ਜੀ…ਇਹ ਤਾਂ ਕੱਪੜਾ ਹੈ ਜਿਹੜੇ ਰੰਗ ਵਿੱਚ ਮਰਜ਼ੀ ਰੰਗ ਲਵੋ…ਇਥੇ ਤਾਂ ‘ਜ਼ਮੀਰਾਂ’ ਵੀ ਰੰਗੀਆਂ ਜਾਂਦੀਆਂ ਨੇ… ਵੈਸੇ ਤਾਂ ਲਿਖ਼ਤ ਪੜ੍ਹਨ ਤੋਂ ਪਹਿਲਾਂ ਤੁਸੀਂ ਵੇਖ ਲਈ ਹੋਵੇਗੀ ਪ੍ਰੰਤੂ ਲਿਖ਼ਤ ਪੜ੍ਹਨ ਤੋਂ ਬਾਅਦ ਇੱਕ ਵਾਰੀ ਧਿਆਨ ਨਾਲ ਫੇਰ ਦੇਖਿਓ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ “ਪੱਗ” ਕਿੰਨੀ ਜੱਚਦੀ ਏਂ…ਹਨਾਂ…!
-ਨਿਰਮਲ ਸਿੰਘ ਪੰਡੋਰੀ, 18.7.2026

error: Content is protected !!