ਚੰਡੀਗੜ੍ਹ, 19 ਜੁਲਾਈ , Gee98 news service-
-ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਸ਼ਹਿਰੀ ਖੇਤਰ ਦੇ ਵੋਟਰਾਂ ਲਈ “ਮਾਸਟਰ ਸਟਰੋਕ” ਖੇਡਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸੂਬੇ ਦੀਆਂ ਲੱਗਭੱਗ 5000 ਗ਼ੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨੀ ਘੇਰੇ ਹੇਠ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਗ਼ੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨੀ ਰੂਪ ਦੇਣ ਲਈ ਨਵੀਂ ਨੀਤੀ ਦਾ ਖਰੜਾ ਜਲਦੀ ਹੀ ਜਾਰੀ ਕੀਤਾ ਜਾਵੇਗਾ ਜਿਸ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਨਿਯਮਾਂ ਵਿੱਚ ਸੋਧ ਵੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਗ਼ੈਰ ਕਾਨੂੰਨੀ ਕਾਲੋਨੀਆਂ ਨੂੰ ਕਾਨੂੰਨੀ ਰੂਪ ਦੇਣ ਸਬੰਧੀ ਅਪਲਾਈ ਕਰਨ ਲਈ 30 ਸਤੰਬਰ ਤੱਕ ਦੀ ਤਾਰੀਕ ਦਿੱਤੀ ਹੈ। ਸਰਕਾਰ ਦੀ ਨਵੀਂ ਨੀਤੀ ਅਨੁਸਾਰ ਕਿਸੇ ਕਲੋਨੀ ਨੂੰ ਕਾਨੂੰਨੀ ਰੂਪ ਦੇਣ ਲਈ ਡਿਵੈਲਪਰਜ਼ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੀ ਅਪਲਾਈ ਕਰ ਸਕਦੀ ਹੈ। ਸਰਕਾਰ ਦੀ ਇਹ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਗ਼ੈਰ ਕਾਨੂੰਨੀ ਕਾਲੋਨੀਆਂ ਕਨੂੰਨੀ ਰੂਪ ਧਾਰਨ ਕਰ ਜਾਣਗੀਆਂ ਜਿਸ ਤੋਂ ਬਾਅਦ ਇਹਨਾਂ ਕਲੋਨੀਆਂ ਵਿੱਚ ਪ੍ਰੋਪਰਟੀ ਮਾਲਕਾਂ ਨੂੰ ਰਜਿਸਟਰੀ, ਬੈਂਕ ਲੋਨ, ਨਕਸ਼ਾ ਪਾਸ ਕਰਵਾਉਣ ਤੋਂ ਇਲਾਵਾ ਬਿਜਲੀ ਅਤੇ ਪਾਣੀ ਦੇ ਸਰਕਾਰੀ ਕਨੈਕਸ਼ਨ ਲੈਣ ਦੀਆਂ ਸਹੂਲਤਾਂ ਵੀ ਮਿਲਣਗੀਆਂ। ਸਰਕਾਰ ਦੀ ਇਸ ਨਵੀਂ ਨੀਤੀ ਤਹਿਤ ਉਹ ਕਾਲੋਨੀਆਂ ਅਪਲਾਈ ਕਰ ਸਕਣਗੀਆਂ ਜਿੰਨਾਂ ਵਿੱਚ ਘੱਟੋ ਘੱਟ 25 ਫੀਸਦੀ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ। ਕਾਲੋਨੀ ਵਿੱਚ ਸੜਕ ਦੀ ਚੜਾਈ ਘੱਟੋ ਘੱਟ 20 ਫੁੱਟ ਹੋਣੀ ਜ਼ਰੂਰੀ ਹੈ ਅਤੇ ਪਲਾਟ 50 ਤੋਂ ਲੈ ਕੇ 239.2 ਵਰਗ ਗਜ ਤੱਕ ਦਾ ਹੋਣਾ ਚਾਹੀਦਾ ਹੈ। ਜਿਨਾਂ ਕਲੋਨੀਆਂ ਦੀਆਂ ਅਰਜ਼ੀਆਂ ਪਹਿਲਾਂ ਤਕਨੀਕੀ ਕਾਰਨਾਂ ਕਰਕੇ ਰੱਦ ਹੋ ਗਈਆਂ ਸਨ ਹੁਣ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦਾ ਮੌਕਾ ਵੀ ਮਿਲੇਗਾ।
ਸਰਕਾਰੀ ਰਿਕਾਰਡ ਮੁਤਾਬਕ ਪੰਜਾਬ ‘ਚ ਲੱਗਭੱਗ 7000 ਕਰੋੜ ਦੀਆਂ ਗ਼ੈਰ ਕਾਨੂੰਨੀ ਕਾਲੋਨੀਆਂ ਦੀ ਪਹਿਚਾਣ ਕੀਤੀ ਗਈ ਸੀ ਜਿਨਾਂ ਵਿੱਚੋਂ 2000 ਕਾਲੋਨੀਆਂ ਪਹਿਲੀ ਨੀਤੀ ਤਹਿਤ ਕਾਨੂੰਨੀ ਘੇਰੇ ਵਿੱਚ ਆ ਚੁੱਕੀਆਂ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਵੀਂ ਨੀਤੀ ਤਿਆਰ ਕਰਨ ਮੌਕੇ ਪਿਛਲੀ ਨੀਤੀ ਦੀਆਂ ਕਮੀਆਂ ਨੂੰ ਦੂਰ ਕੀਤਾ ਗਿਆ ਹੈ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਬਣਾ ਦਿੱਤੀ ਗਈ ਹੈ। ਨਵੀਂ ਨੀਤੀ ਤਹਿਤ ਅਪਲਾਈ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਅਸਥਾਈ ਰੈਗੂਲਾਈਜੇਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਮਿਥੀ ਪੂਰੀ ਫੀਸ ਜਮਾਂ ਕਰਵਾਉਣ ਤੋਂ ਬਾਅਦ ਪੱਕਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 3 ਜੁਲਾਈ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਪੁਰਾਣੇ ਨਿਯਮਾਂ ਨੂੰ ਸੋਧਣ ਦੀ ਮਨਜ਼ੂਰੀ ਦਿੱਤੀ ਗਈ ਸੀ ਕਿ ਜੇਕਰ ਕਿਸੇ ਡਿਵੈਲਪਰ ਜਾਂ ਪ੍ਰਮੋਟਰ ਦੇ ਖ਼ਿਲਾਫ਼ ਗ਼ੈਰ ਕਾਨੂੰਨੀ ਕਾਲੋਨੀ ਵਿਕਸਿਤ ਕਰਨ ਦਾ ਕੇਸ ਕਿਸੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਤਾਂ ਉਹ ਵੀ ਅਪਲਾਈ ਕਰ ਸਕਦਾ ਹੈ।