– ਲੋਕਾਂ ਨੇ ਨਗਰ ਨਿਗਮ ਨੂੰ ਵੀ ਜਾਗਣ ਦੀ ਦਿੱਤੀ ਨਸੀਹਤ
ਬਰਨਾਲਾ, 19 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਮਲਕੀਅਤ ਵਾਲੀਆਂ ਦੁਕਾਨਾਂ ਦੇ ਸਾਹਮਣੇ ਕੀਤੇ ਗਏ ਨਜਾਇਜ਼ ਕਬਜ਼ਿਆਂ ਖਿਲਾਫ ਅੱਜ ਪ੍ਰਬੰਧਕਾਂ ਵੱਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤਹਿਤ ਦੁਕਾਨਦਾਰਾਂ ਵੱਲੋਂ ਲਗਾਏ ਗਏ ਨਜਾਇਜ਼ ਕੈਬਿਨ, ਫਲੈਕਸ ਬੋਰਡ ਅਤੇ ਸ਼ੈੱਡਾਂ ਨੂੰ ਮੌਕੇ ‘ਤੇ ਹੀ ਉਤਾਰ ਦਿੱਤਾ ਗਿਆ ਕਿਉਂਕਿ ਇਨ੍ਹਾਂ ਕਬਜ਼ਿਆਂ ਕਾਰਨ ਗਾਹਕਾਂ ਅਤੇ ਆਮ ਲੋਕਾਂ ਨੂੰ ਲੰਘਣ-ਟੱਪਣ ਅਤੇ ਖਰੀਦਦਾਰੀ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਨਾਲ ਲੱਗਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਨਾ ਦਿਸਣ ਕਾਰਨ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਸੀ ਜਿਸ ਸਬੰਧੀ ਕਮੇਟੀ ਨੂੰ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਪਰ ਦੁਕਾਨਦਾਰਾਂ ਨੂੰ ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਜਦੋਂ ਉਹ ਟਸ ਤੋਂ ਮਸ ਨਾ ਹੋਏ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਦ ਮੈਦਾਨ ਵਿੱਚ ਉਤਰ ਕੇ ਇਹ ਨਜਾਇਜ਼ ਉਸਾਰੀਆਂ ਹਟਾਉਣ ਦਾ ਫੈਸਲਾ ਲੈਣਾ ਪਿਆ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ ਅਤੇ ਸ਼ਹਿਰ ਦੀ ਆਵਾਜਾਈ ਸੁਚਾਰੂ ਰੂਪ ਵਿੱਚ ਚੱਲ ਸਕੇ।
ਮੈਨੇਜਰ ਸੁਰਜੀਤ ਸਿੰਘ ਦਾ ਬਿਆਨ: ਐਸਜੀਪੀਸੀ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਕਾਨਾਂ ਅੱਗੇ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਜਿੱਥੇ ਆਮ ਲੋਕ ਪਰੇਸ਼ਾਨ ਸਨ, ਉੱਥੇ ਹੀ ਗ੍ਰਾਹਕਾਂ ਨੂੰ ਵਾਹਨਾਂ ਦੀ ਪਾਰਕਿੰਗ ਵਿੱਚ ਵੀ ਰੁਕਾਵਟ ਆ ਰਹੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਦਾਰਾਂ ਨੂੰ ਕਈ ਦਿਨ ਪਹਿਲਾਂ ਹੀ ਇਹ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਪਰ ਕਿਸੇ ਵੀ ਦੁਕਾਨਦਾਰ ਵੱਲੋਂ ਅਮਲ ਨਾ ਕਰਨ ‘ਤੇ ਅੱਜ ਇਹ ਕਾਰਵਾਈ ਕਰਨੀ ਪਈ। ਉਨ੍ਹਾਂ ਸ਼ਹਿਰ ਦੇ ਬਾਕੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕਾਂ ‘ਤੇ ਕੀਤੇ ਨਜਾਇਜ਼ ਕਬਜ਼ੇ ਖੁਦ ਹੀ ਹਟਾ ਲੈਣ ਤਾਂ ਜੋ ਲੋਕ ਸੁਖ ਦਾ ਸਾਹ ਲੈ ਸਕਣ।
ਆਮ ਲੋਕਾਂ ਵਿੱਚ ਚਰਚਾ: ਐਸਜੀਪੀਸੀ ਦੀ ਇਸ ਮੁਸਤੈਦੀ ਤੋਂ ਬਾਅਦ ਸ਼ਹਿਰ ਨਿਵਾਸੀਆਂ ਬੇਅੰਤ ਸਿੰਘ, ਜਗਰੂਪ ਸਿੰਘ ਅਤੇ ਅਵਤਾਰ ਸਿੰਘ ਨੇ ਨਗਰ ਨਿਗਮ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਐਸਜੀਪੀਸੀ ਆਪਣੇ ਅਧੀਨ ਆਉਣ ਵਾਲੀਆਂ ਦੁਕਾਨਾਂ ਅੱਗਿਓਂ ਕਬਜ਼ੇ ਹਟਾ ਸਕਦੀ ਹੈ ਤਾਂ ਨਗਰ ਨਿਗਮ ਅਜਿਹਾ ਕਰਨ ਵਿੱਚ ਕਿਉਂ ਅਸਮਰੱਥ ਹੈ। ਉਹਨਾਂ ਅੱਗੇ ਕਿਹਾ ਕਿ ਐਸ ਜੀ ਪੀ ਸੀ ਦੇ ਇਸ ਐਕਸ਼ਨ ਤੋਂ ਬਾਅਦ ਕੀ ਨਵ-ਨਿਯੁਕਤ ਮੇਅਰ ਹਸਨਪ੍ਰੀਤ ਭਾਰਦਵਾਜ ਨਜਾਇਜ਼ ਕਬਜ਼ਿਆਂ ਵਿਰੁੱਧ ਕੋਈ ਵੱਡੀ ਮੁਹਿੰਮ ਵਿੱਢਣਗੇ ਜਾਂ ਪਿਛਲੇ ਪ੍ਰਧਾਨਾਂ ਵਾਂਗ ਸਿਰਫ ਮੂਕ ਦਰਸ਼ਕ ਬਣੇ ਰਹਿਣਗੇ।
ਫੋਟੋ ਕੈਪਸਨ: ਬਰਨਾਲਾ ਵਿਖੇ ਐਸਜੀਪੀਸੀ ਦੀਆਂ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ੇ ਹਟਾਉਂਦੇ ਹੋਏ ਕਰਮਚਾਰੀ ਅਤੇ ਮੌਕੇ ‘ਤੇ ਮੌਜੂਦ ਮੈਨੇਜਰ ਸੁਰਜੀਤ ਸਿੰਘ।