Skip to main content

Gee 98News

ਵੱਡੇ ਅਫ਼ਸਰਾਂ ਦੀ ਕਚਹਿਰੀ ‘ਚ ਪੁੱਜਿਆ ਪਿੰਡ ਛੀਨੀਵਾਲ ਕਲਾਂ ਦਾ ਮਾਮਲਾ…ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ਼ ਸ਼ਿਕਾਇਤਾਂ ਪੇਸ਼

ਬਰਨਾਲਾ,22 ਜੁਲਾਈ (ਨਿਰਮਲ ਸਿੰਘ ਪੰਡੋਰੀ)-

ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਵੱਡੇ ਪਿੰਡ ਛੀਨੀਵਾਲ ਕਲਾਂ ਦੀ ਰਾਜਨੀਤੀ ਹਮੇਸ਼ਾ ਚਰਚਾ ਵਿੱਚ ਰਹੀ ਹੈ। ਪਿੰਡ ਦੀ ਮੌਜੂਦਾ ਸਰਪੰਚ ਨੂੰ ਮੁਅੱਤਲ ਕਰਨ ਤੋਂ ਬਾਅਦ ਪਿੰਡ ਦੀਆਂ ਦੋ ਸਿਆਸੀ ਧਿਰਾਂ ‘ਚ ਸ਼ੁਰੂ ਹੋਇਆ ਵਿਵਾਦ ਰੁਕਣ ਦੀ ਬਜਾਏ ਹੋਰ ਅੱਗੇ ਵੱਧਦਾ ਜਾ ਰਿਹਾ ਹੈ। ‌ ਪਿੰਡ ਦੀ ਸਰਪੰਚ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਿੰਡ ਵਿੱਚ ਪ੍ਰਬੰਧਕ ਦੀ ਨਿਯੁਕਤੀ ਅਤੇ ਫਿਰ ਪ੍ਰਬੰਧਕ ਦੀ ਮੁਅੱਤਲੀ ਅਤੇ ਫੇਰ ਪ੍ਰਬੰਧਕ ਦੀ ਨਿਯੁਕਤੀ ਤੋਂ ਬਾਅਦ ਅਧਿਕਾਰਤ ਪੰਚ ਦੀ ਚੋਣ ਦੀ ਪ੍ਰਕਿਰਿਆ ਦੇ ਦੌਰਾਨ ਹੀ ਪਿੰਡ ਦੇ ਪੰਚਾਇਤ ਸਕੱਤਰ ਦੀ ਮੁਅੱਤਲੀ ਅਤੇ ਬਹਾਲੀ ਦਾ ਮੁੱਦਾ ਚਰਚਾ ਵਿੱਚ ਰਿਹਾ ਹੈ ਅਤੇ ਹੁਣ ਪਿੰਡ ਛੀਨੀਵਾਲ ਕਲਾਂ ਦੇ ਇਹ ਸਾਰੇ ਮਾਮਲੇ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਦੀ ਕਚਹਿਰੀ ‘ਚ ਵਿਚਾਰ ਅਧੀਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰਤ ਪੰਚ ਵਾਲੀ ਧਿਰ ਨੇ ਪਿੰਡ ਤੋਂ ਬਾਹਰ ਗੰਦੇ ਪਾਣੀ ਦੇ ਨਿਕਾਸ ਲਈ ਦੱਬੀ ਪਾਈਪ ਲਾਈਨ ਦੇ ਮਾਮਲੇ ‘ਚ ਬੀਡੀਪੀਓ ਮਹਿਲ ਕਲਾਂ, ਪ੍ਰਬੰਧਕ ਅਤੇ ਪੰਚਾਇਤ ਸਕੱਤਰ ਦੇ ਖ਼ਿਲਾਫ਼ ਖਰਚ ਕੀਤੀ ਗਰਾਂਟ ਦੇ ਮਾਮਲੇ ਵਿੱਚ ਘਪਲੇ ਦੇ ਦੋਸ਼ ਲਗਾਉਂਦੇ ਹੋਏ ਲਿਖਤੀ ਤੌਰ ‘ਤੇ ਤੇ ਦਰਖਾਸਤ ਦਿੱਤੀ ਜਿਸ ਦੀ ਪੜ੍ਹਤਾਲ SDM ਟੀਮ ਤਪਾ ਵੱਲੋਂ ਕੀਤੀ ਜਾ ਰਹੀ ਹੈ। ਪਿੰਡ ਦੀ ਅਧਿਕਾਰਤ ਪੰਚ ਵਾਲੀ ਧਿਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਈਪ ਲਾਈਨ ਦੱਬਣ ਦੇ ਮਾਮਲੇ ਵਿੱਚ ਖਰਚ ਕੀਤੇ ਫੰਡਾਂ ਵਿੱਚ ਗੜਬੜੀ ਕੀਤੀ ਗਈ ਹੈ, ਪਾਈਪ ਲਾਈਨ ਦਾ ਕੰਮ ਹੋਣ ਵੇਲੇ ਪਿੰਡ ਦੀ ਸਰਪੰਚ ਮੁਅੱਤਲ ਸੀ ਇਸ ਕਰਕੇ ਅਧਿਕਾਰਤ ‘ਚ ਵਾਲੀ ਧਿਰ ਨੇ ਇਸ ਗੜਬੜੀ ਲਈ ਸਿੱਧੇ ਤੌਰ ‘ਤੇ ਬੀਡੀਪੀਓ, ਪ੍ਰਬੰਧਕ ਅਤੇ ਪੰਚਾਇਤ ਸਕੱਤਰ ਨੂੰ ਜ਼ਿੰਮੇਵਾਰ ਦੱਸ ਕੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੰਚਾਇਤ ਸਕੱਤਰ ਨੇ ਮੁਅੱਤਲ ਹੋ ਕੇ ਫਿਰ ਤੁਰੰਤ ਬਹਾਲ ਹੋਣ ਤੋਂ ਬਾਅਦ ਆਪਣੀ ਮੁਅੱਤਲੀ ਸਬੰਧੀ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਵੀ ਜ਼ਿਲ੍ਹੇ ਦੇ ਐਸਐਸਪੀ ਦੀ ਕਚਹਿਰੀ ਵਿੱਚ ਲਿਜਾਂਦੇ ਹੋਏ ਅਧਿਕਾਰਤ ਪੰਚ ਵਾਲੀ ਧਿਰ ਦੇ ਸਾਰੇ ਪੰਚਾਂ ਨੂੰ ਕਾਨੂੰਨੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ।

                                                                                                 ਪੰਚਾਇਤ ਸਕੱਤਰ ਨੇ ਐਸਐਸਪੀ ਬਰਨਾਲਾ ਨੂੰ ਦਰਖਾਸਤ ਦੇ ਕੇ ਕਿਹਾ ਹੈ ਕਿ ਉਸ ਉੱਪਰ ਪੰਚਾਇਤੀ ਫੰਡਾਂ ਦੇ ਗਬਨ ਦੇ ਝੂਠੇ ਦੋਸ਼ ਲਗਾ ਕੇ ਉਸਦੀ ਛਵੀ ਖਰਾਬ ਕੀਤੀ ਗਈ ਹੈ ਜਦਕਿ ਇਹਨਾਂ ਫੰਡਾਂ ਵਿੱਚ ਕਦੇ ਵੀ ਕੋਈ ਗੜਬੜੀ ਨਹੀਂ ਹੋਈ ਅਤੇ ਸਾਰਾ ਕੰਮ ਵਿਭਾਗ ਦੇ ਨਿਯਮਾਂ ਅਨੁਸਾਰ ਕੀਤਾ ਗਿਆ ਹੈ। ਪਿੰਡ ਛੀਨੀਵਾਲ ਕਲਾਂ ਦੇ ਇਸ ਸਾਰੇ ਮਾਮਲੇ ਨਾਲ ਜੁੜੇ ਸਿਆਸੀ ਅਤੇ ਪ੍ਰਸ਼ਾਸਨਿਕ ਘਟਨਾਕ੍ਰਮ ਦੀ ਤਾਜ਼ਾ ਸਥਿਤੀ ਇਹੋ ਹੈ ਕਿ ਅਧਿਕਾਰਤ ਪੰਚ ਵਾਲੀ ਧਿਰ ਦੀ ਦਰਖਾਸਤ ਦੇ ਅਧਾਰ ‘ਤੇ SDM ਤਪਾ ਵੱਲੋਂ ਬੀਡੀਪੀਓ, ਪ੍ਰਬੰਧਕ ਅਤੇ ਪੰਚਾਇਤ ਸਕੱਤਰ ਦੇ ਖ਼ਿਲਾਫ਼ ਪੜ੍ਹਤਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਚਾਇਤ ਸਕੱਤਰ ਦੀ ਦਰਖਾਸਤ ਦੇ ਉੱਪਰ ਅਧਿਕਾਰਤ ਪੰਚ ਵਾਲੀ ਧਿਰ ਦੇ ਸਾਰੇ ਪੰਚਾਂ ਦੇ ਖ਼ਿਲਾਫ਼ SSP ਬਰਨਾਲਾ ਵੱਲੋਂ ਪੜ੍ਹਤਾਲ ਕੀਤੀ ਜਾ ਰਹੀ ਹੈ। ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਪੰਚ ਦੀ ਮੁਅੱਤਲੀ ਤੋਂ ਬਾਅਦ ਅਧਿਕਾਰਤ ਪੰਚ ਦੀ ਚੋਣ ਨਾ ਕੀਤੇ ਜਾਣ ਕਰਕੇ ਹੀ ਇਹ ਮਾਮਲਾ ਅੱਗੇ ਫਸਿਆ ਹੈ। ਪਿੰਡ ਦੇ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਅਧਿਕਾਰਤ ਪੰਚ ਵਾਲੀ ਧਿਰ ਨੇ ਅਧਿਕਾਰਤ ਪੰਚ ਚੁਣੇ ਜਾਣ ਦੀ ਪ੍ਰਕਿਰਿਆ ਵੱਲ ਵੱਧ ਧਿਆਨ ਦਿੱਤੇ ਜਾਣ ਦੀ ਬਜਾਏ ਪਾਈਪ ਲਾਈਨ ਦਾ ਕੰਮ ਰੋਕਣ ਅਤੇ ਪੰਚਾਇਤ ਫੰਡਾਂ ਨੂੰ ਖਰਚਣ ਤੋਂ ਰੋਕੇ ਜਾਣ ਵੱਲ ਵੱਧ ਧਿਆਨ ਦਿੱਤਾ ਤੇ ਇਸੇ ਦੌਰਾਨ ਹੀ ਪੰਚਾਇਤ ਸਕੱਤਰ ਦੀ ਮੁਅੱਤਲੀ ਤੇ ਬਹਾਲੀ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਇਹ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਚਹਿਰੀ ਵਿੱਚ ਚਲਿਆ ਗਿਆ। ‌ਬਹਰਹਾਲ ! ਪਿੰਡ ਛੀਨੀਵਾਲ ਕਲਾਂ ਦੀ ਪਿੰਡ ਦੀ ਹਕੂਮਤ ਉੱਪਰ ਕਬਜ਼ੇ ਤੋਂ ਸ਼ੁਰੂ ਹੋ ਕੇ ਹੁਣ ਇਹ ਮਾਮਲਾ ਦੋਵੇਂ ਧਿਰਾਂ ਦੀ ਮੁੱਛ ਦਾ ਸਵਾਲ ਬਣ ਚੁੱਕਿਆ ਹੈ ਅਤੇ ਹੁਣ ਨਜ਼ਰਾਂ ਜ਼ਿਲ੍ਹੇ ਦੇ ਇੱਕ ਆਈਏਐਸ ਅਤੇ ਆਈਪੀਐਸ ਅਧਿਕਾਰੀ ‘ਤੇ ਟਿਕੀਆਂ ਹੋਈਆਂ ਹਨ ਜਿਨਾਂ ਦੀ ਕਚਹਿਰੀ ‘ਚ ਦੋਵੇਂ ਧਿਰਾਂ ਹਾਜ਼ਰ ਹੋ ਚੁੱਕੀਆਂ ਹਨ। ਪਿੰਡ ਦੀਆਂ ਦੋ ਸਿਆਸੀ ਧਿਰਾਂ ਵਿਚਕਾਰ ਖੜੇ ਹੋਏ ਇਸ ਵਿਵਾਦ ਨਾਲ ਸਬੰਧਿਤ ਇਕ ਦਿਲਚਸਪ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸੱਤਾਧਿਰ ਦੇ ਇੱਕ ਵੱਡੇ ਆਗੂ ਵੱਲੋਂ ਇੱਕ ਧਿਰ ਨੂੰ ਦਿਨੇ ਅਤੇ ਦੂਜੀ ਨੂੰ ਰਾਤ ਦੇ ਹਨੇਰੇ ਵਿੱਚ ਥਾਪੜਾ ਦਿੱਤਾ ਜਾ ਰਿਹਾ ਜਿਸ ਕਰਕੇ ਪਿੰਡ ਦਾ ਇਹ ਮਸਲਾ ਸੁਲਝਣ ਦੀ ਬਜਾਏ ਉਲਝਦਾ ਹੀ ਜਾ ਰਿਹਾ ਹੈ।
ਫੋਟੋ ਕੈਪਸ਼ਨ-ਪਿੰਡ ਛੀਨੀਵਾਲ ਕਲਾਂ ‘ਚ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਦੇ ਕੰਮ ਨਾਲ ਸੰਬੰਧਿਤ ਤਸਵੀਰ

error: Content is protected !!