Skip to main content

Gee 98News

ਬਰਨਾਲਾ ਲਾਠੀਚਾਰਜ ਕਾਂਡ : ਦਿੱਲੀ ਤੱਕ ਗੂੰਜ…ਜਨਤਕ ਜਥੇਬੰਦੀਆਂ ਮੈਦਾਨ ‘ਚ ਨਿੱਤਰੀਆਂ

– ਵੱਡੇ ਸਵਾਲ…ਕਿਹੜੇ ਅਫ਼ਸਰ ਨੇ ਦਿੱਤਾ ਲਾਠੀਚਾਰਜ ਦਾ ਹੁਕਮ…!

ਬਰਨਾਲਾ,23 ਜੁਲਾਈ (ਨਿਰਮਲ ਸਿੰਘ ਪੰਡੋਰੀ)-

-ਬੀਤੇ ਕੱਲ੍ਹ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਦੀ ਗੂੰਜ ਦਿੱਲੀ ਤੱਕ ਪੁੱਜ ਗਈ ਹੈ। ਰਾਸ਼ਟਰੀ ਸਫ਼ਾਈ ਕਮਿਸ਼ਨ ਨੇ ਇਸ ਲਾਠੀਚਾਰਜ ਦਾ ਸੂ ਮੋਟੋ ਨੋਟਸ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਤਲਬ ਕੀਤੀ ਹੈ। ਨਗਰ ਨਿਗਮ ਦੀ ਟੀਮ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਕੂੜਾ ਚੁੱਕੇ ਜਾਣ ਦਾ ਵਿਰੋਧ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੇ ਵੀਡੀਓ ਕਲਿੱਪ ਅਤੇ ਤਸਵੀਰਾਂ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਤਰੇਲੀਆਂ ਲਿਆ ਰਹੀਆਂ ਹਨ। ਦੂਜੇ ਪਾਸੇ ਜਨਤਕ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਉੱਪਰ ਕੀਤੇ ਲਾਠੀਚਾਰਜ ਦਾ ਸਖ਼ਤ ਨੋਟਿਸ ਲੈਂਦੇ ਹੋਏ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਦੋ ਪੁਲਿਸ ਅਫ਼ਸਰਾਂ ਦੀ ਬਰਖਾਸਤੀ ਦੀ ਮੰਗ ਦੀਆਂ ਪੋਸਟਾਂ ਦੀ ਭਰਮਾਰ ਵੇਖੀ ਜਾ ਰਹੀ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਭੂਮਿਕਾ ‘ਤੇ ਵੀ ਵੱਡੇ ਸਵਾਲ ਉੱਠ ਰਹੇ ਹਨ ਕਿ ਆਖ਼ਰ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦਾ ਹੁਕਮ ਕਿਹੜੇ ਅਫ਼ਸਰ ਨੇ ਦਿੱਤਾ। ਬਰਨਾਲਾ ਵਿਖੇ ਵਾਪਰੇ ਇਸ ਵੱਡੀ ਘਟਨਾਕ੍ਰਮ ਦੀ ਗੂੰਜ ਜਿੱਥੇ ਦਿੱਲੀ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ ਵਿੱਚ ਵੀ ਪੁੱਜੀ ਉੱਥੇ ਸਮੁੱਚੇ ਪੰਜਾਬ ਵਿੱਚ ਇਸ ਘਟਨਾਕ੍ਰਮ ਦੀ ਚਰਚਾ ਹੋ ਰਹੀ ਹੈ ਪ੍ਰੰਤੂ ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਫਾਈ ਕਰਮਚਾਰੀਆਂ ਅਤੇ ਪੁਲਿਸ ਦੇ ਟਕਰਾਅ ਦਾ ਇਹ ਮਾਮਲਾ ਅਜੇ ਹੋਰ ਭਖਣ ਦੇ ਆਸਾਰ ਹਨ, ਕਿਉਂਕਿ ਸਮੁੱਚੀਆਂ ਜਨਤਕ ਜਥੇਬੰਦੀਆਂ ਸਫਾਈ ਕਰਮਚਾਰੀਆਂ ਦੀ ਹਮਾਇਤ ‘ਤੇ ਆ ਖੜੀਆਂ ਹੋਈਆਂ ਹਨ। ਭਾਵੇਂ ਕਿ ਸਮੁੱਚੇ ਸ਼ਹਿਰ ਦੇ ਲੋਕ ਚਾਹੁੰਦੇ ਸਨ ਕਿ ਕੂੜੇ ਦੇ ਢੇਰ ਚੁੱਕੇ ਜਾਣ ਪਰੰਤੂ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਇਸ ਵਿਗੜੇ ਹੋਏ ਮਾਹੌਲ ਲਈ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਲਾ ਪ੍ਰਸ਼ਾਸਨ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹੰਡਿਆਇਆ ਬਾਜ਼ਾਰ ਵਿੱਚ ਸਫਾਈ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਇੱਕ ਬਿਊਟੀ ਪਾਰਲਰ ਦੀ ਸੰਚਾਲਕ ਮਹਿਲਾ ਨੂੰ ਪੁਲਿਸ ਵੱਲੋਂ ਸੈਲੂਨ ਦੇ ਅੰਦਰੋਂ ਖਿੱਚ ਧੂਹ ਕੇ ਲਿਜਾਣ ਦੀ ਵੀਡੀਓ ਕਲਿੱਪ ਦੀ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਫਾਈ ਕਰਮਚਾਰੀਆਂ ਖਾਸ ਕਰਕੇ ਮਹਿਲਾ ਕਰਮਚਾਰੀਆਂ ਉੱਪਰ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀਆਂ ਵੀਡੀਓ ਕਲਿੱਪਜ਼ ਅਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵੀ ਪੰਜਾਬ ਦੇ ਮਹਿਲਾ ਕਮਿਸ਼ਨ ਦੀ ਚੁੱਪ ‘ਤੇ ਵੀ ਸਵਾਲ ਖੜੇ ਹੁੰਦੇ ਹਨ। ਦੂਜੇ ਪਾਸੇ ਇਸ ਲਾਠੀਚਾਰਜ ਦਾ ਨੋਟਿਸ ਲੈਂਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ ਦੀ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰ ਜਤਿੰਦਰ ਦੇਵਗਨ ਨੇ ਦੱਸਿਆ ਕਿ ਉਹਨਾਂ ਨੇ ਲਾਠੀਚਾਰਜ ਨਾਲ ਸੰਬੰਧਿਤ ਸਾਰੇ ਵੀਡੀਓ ਕਲਿੱਪ ਅਤੇ ਤਸਵੀਰਾਂ ਸਮੇਤ ਮੁਕੰਮਲ ਰਿਪੋਰਟ ਬਣਾ ਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜ ਦਿੱਤੀ ਹੈ।

Gee98 Ads
error: Content is protected !!