Skip to main content

Gee 98News

ਬਰਨਾਲਾ ‘ਚ ਪੁਲਿਸ ਦੀ ਨਿਗਰਾਨੀ ਹੇਠ ਚੁੱਕੇ ਗਏ ਕੂੜੇ ਦੇ ਵੱਡੇ ਢੇਰ, ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ

– ਮਾਹੌਲ ਵਿਗੜਨ ਤੋਂ ਬਾਅਦ ਪੁਲਿਸ ਨੇ ਕੀਤਾ ਲਾਠੀਚਾਰਜ

ਬਰਨਾਲਾ,22 ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਸਥਾਨਕ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਕਈ ਦਿਨਾਂ ਦੀ ਹੜ੍ਹਤਾਲ ਦੇ ਕਾਰਨ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਨਗਰ ਨਿਗਮ ਦੀ ਟੀਮ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਦੋਂ ਪੁਲਿਸ ਪਾਰਟੀ ਦੀ ਨਿਗਰਾਨੀ ਹੇਠ ਐਸਡੀ ਕਾਲਜ ਸਾਹਮਣੇ ਕੂੜੇ ਦੇ ਡੰਪ ਕੋਲ ਪੁੱਜੀ ਤਾਂ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀਆਂ ਨੇ ਕੂੜਾ ਚੁੱਕ ਕੇ ਟਰਾਲੀ ਵਿੱਚ ਪਾ ਰਹੀ ਜੇਸੀਬੀ ਮਸ਼ੀਨ ਰੋਕ ਦਿੱਤੀ ਅਤੇ ਕੂੜਾ ਚੁੱਕਣ ਦਾ ਵਿਰੋਧ ਕੀਤਾ। ਇਸ ਮੌਕੇ ਮਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਕੁਝ ਸਫ਼ਾਈ ਸੇਵਕਾਂ ਨੇ ਕੂੜੇ ਦੀਆਂ ਭਰੀਆਂ ਰੇੜੀਆਂ ਨੂੰ ਸੜਕ ਦੇ ਵਿਚਕਾਰ ਹੀ ਖਿਲਾਰ ਦਿੱਤਾ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਡੀਐਸਪੀ ਸਤਬੀਰ ਸਿੰਘ ਬੈਂਸ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਫ਼ਾਈ ਕਰਮਚਾਰੀਆਂ ਨੂੰ ਕੂੜਾ ਚੁੱਕਣ ਸਬੰਧੀ ਹਾਈਕੋਰਟ ਦੇ ਆਦੇਸ਼ਾਂ ਬਾਰੇ ਜ਼ਿਕਰ ਕੀਤਾ ਪ੍ਰੰਤੂ ਸਫ਼ਾਈ ਕਰਮਚਾਰੀ ਕੂੜਾ ਨਾ ਚੁੱਕੇ ਜਾਣ ਦੀ ਆਪਣੀ ਜ਼ਿੱਦ ‘ਤੇ ਅੜੇ ਰਹੇ ਅਤੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਜੇਸੀਬੀ ਮਸ਼ੀਨ ਨੂੰ ਕੂੜਾ ਚੁੱਕਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਸਥਿਤੀ ਵਿਗੜਦੀ ਹੋਈ ਵੇਖ ਪੁਲਿਸ ਪਾਰਟੀ ਨੇ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਕਰਕੇ ਮਾਹੌਲ ਠੀਕ ਕੀਤਾ ਅਤੇ ਪੂਰੀ ਪੁਲਿਸ ਸੁਰੱਖਿਆ ਦੇ ਹੇਠ ਐਸਡੀ ਕਾਲਜ ਦੇ ਸਾਹਮਣੇ ਕਈ ਦਿਨਾਂ ਤੋਂ ਲੱਗਿਆ ਕੂੜੇ ਦਾ ਵੱਡਾ ਢੇਰ ਚੁੱਕਿਆ ਗਿਆ। ਇਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਦੀ ਟੀਮ ਪੁਲਿਸ ਪਾਰਟੀ ਸਮੇਤ ਜੇਸੀਬੀ ਮਸ਼ੀਨ ਅਤੇ ਟਰਾਲੀਆਂ ਲੈ ਕੇ ਸਥਾਨਕ ਹੰਡਿਆਇਆ ਬਾਜ਼ਾਰ ਵਿੱਚ ਲੱਗੇ ਕੂੜੇ ਦੇ ਵੱਡੇ ਢੇਰ ਨੂੰ ਚੁੱਕਣ ਪੁੱਜੀ ਤਾਂ ਉੱਥੇ ਵੀ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਅਧਿਕਾਰੀਆਂ ਦੀ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ‌

Gee98 Ads

                                          ਇੱਥੇ ਉਸ ਵੇਲੇ ਮਾਹੌਲ ਵਿਗੜ ਗਿਆ ਜਦੋਂ ਕੁਝ ਸਫਾਈ ਕਰਮਚਾਰੀਆਂ ਨੇ ਰੋਹ ਵਿੱਚ ਆ ਕੇ ਕੂੜੇ ਦੇ ਢੇਰ ਤੋਂ ਹੱਥਾਂ ਨਾਲ ਕੂੜਾ ਚੁੱਕ ਕੇ ਪੁਲਿਸ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ, ਇਹ ਸਫ਼ਾਈ ਕਰਮਚਾਰੀ ਪੁਲਿਸ ਦੇ ਲਾਠੀਚਾਰਜ ਤੋਂ ਖਫਾ ਸਨ ਅਤੇ ਮੰਗ ਕਰ ਰਹੇ ਸਨ ਕਿ ਕੂੜਾ ਚੁੱਕਣ ਤੋਂ ਪਹਿਲਾਂ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਵਾਈ ਜਾਵੇ। ‌ ਇੱਥੇ ਵੀ ਸਥਿਤੀ ਕਾਬੂ ਤੋਂ ਬਾਹਰ ਆਉਂਦੀ ਵੇਖ ਪੁਲਿਸ ਨੇ ਡੰਡਾ ਬਲ ਦਾ ਪ੍ਰਯੋਗ ਕੀਤਾ ਅਤੇ ਕੂੜੇ ਦਾ ਵੱਡਾ ਢੇਰ ਚੁਕਵਾ ਦਿੱਤਾ। ‌ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ‘ਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਈ ਦਿਨਾਂ ਤੋਂ ਲੱਗੇ ਕੂੜੇ ਦੇ ਢੇਰ ਚੁੱਕੇ ਜਾ ਰਹੇ ਹਨ।‌ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦਾ ਸੰਘਰਸ਼ ਅਤੇ ਮੰਗਾਂ ਸਬੰਧੀ ਪੰਜਾਬ ਸਰਕਾਰ ਨੇ ਵਿਚਾਰ ਕਰਨਾ ਹੈ ਪ੍ਰੰਤੂ ਸਰਕਾਰ ਅਤੇ ਹਾਈਕੋਰਟ ਦੇ ਹੁਕਮਾਂ ‘ਤੇ ਸ਼ਹਿਰ ਦੇ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਦੇਣ ਅਤੇ ਬਿਮਾਰੀਆਂ ਤੋਂ ਬਚਾਉਣ ਦੀ ਨਗਰ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਜਿਸ ਤਹਿਤ ਸ਼ਹਿਰ ਵਿੱਚੋਂ ਪੁਲਿਸ ਦੀ ਨਿਗਰਾਨੀ ਹੇਠ ਸਾਰੇ ਕੂੜੇ ਦੇ ਢੇਰ ਚੱਕੇ ਜਾਣਗੇ। ਜਨਤਕ ਜਥੇਬੰਦੀਆਂ ਵੱਲੋਂ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਨਿੰਦਾ ਕੀਤੀ ਜਾ ਰਹੀ ਹੈ ਪ੍ਰੰਤੂ ਸ਼ਹਿਰ ਵਾਸੀਆਂ ਨੇ ਕੂੜੇ ਦੇ ਵੱਡੇ ਢੇਰ ਚੁੱਕੇ ਜਾਣ ਕਾਰਨ ਸੁੱਖ ਦਾ ਸਾਹ ਲਿਆ ਹੈ। ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੂੜਾ ਚੁੱਕੇ ਜਾਣ ਦੇ ਨਾਲ ਨਾਲ ਹਾਈਕੋਰਟ ਦੇ ਹੁਕਮ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ‘ਤੇ ਵਿਚਾਰ ਕਰਨ ਦੇ ਵੀ ਹਨ ਜਿਨਾਂ ਨੂੰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ।

error: Content is protected !!