ਬਰਨਾਲਾ, 31 ਜੁਲਾਈ ( ਨਿਰਮਲ ਸਿੰਘ ਪੰਡੋਰੀ )-
–ਨਗਰ ਨਿਗਮ ਬਰਨਾਲਾ ਦੀ ਟੀਮ ਵੱਲੋਂ ਪੁਲਿਸ ਦੀ ਨਿਗਰਾਨੀ ਹੇਠ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਚੁੱਕੇ ਜਾਣ ਮੌਕੇ ਵਿਰੋਧ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ ਲਾਠੀਚਾਰਜ ਮੌਕੇ ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਬਤੌਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਸਨ। ਲਾਠੀਚਾਰਜ ਵਾਲੇ ਦਿਨ ਤੋਂ ਲੈ ਕੇ ਉਝ ਭਾਵੇਂ ਮੀਡੀਆ ਕਰਮਚਾਰੀ ਡਿਊਟੀ ਮੈਜਿਸਟ੍ਰੇਟ ਦੀ ਭਿਣਕ ਲੈਂਦੇ ਰਹੇ ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਨਿਯੁਕਤੀ ਨੂੰ ਗੁਪਤ ਰੱਖਿਆ ਜਾ ਰਿਹਾ ਸੀ ਜਿਸ ਦਾ ਖੁਲਾਸਾ ਪੰਜਾਬ ਰਾਜ ਐਸਸੀ ਕਮਿਸ਼ਨ ਸਾਹਮਣੇ ਬਰਨਾਲਾ ਦੇ ਉੱਚ ਪੁਲਿਸ ਅਧਿਕਾਰੀਆਂ ਦੀ ਪੇਸ਼ੀ ਦੌਰਾਨ ਸਾਹਮਣੇ ਆਇਆ। ਐਸਸੀ ਕਮਿਸ਼ਨ ਦੇ ਸਾਹਮਣੇ ਐਸਐਸਪੀ ਬਰਨਾਲਾ ਵੱਲੋਂ ਪੇਸ਼ ਹੋਏ ਐਸਪੀ ਅਸ਼ੋਕ ਕੁਮਾਰ ਨੇ ਚੇਅਰਮੈਨ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕੂੜੇ ਦੇ ਢੇਰ ਚੁੱਕੇ ਜਾਣ ਮੌਕੇ ਐਸਐਸਪੀ ਬਰਨਾਲਾ ਤੋਂ ਪੁਲਿਸ ਸਹਾਇਤਾ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਐਸਪੀ ਬਰਨਾਲਾ ਵੱਲੋਂ ਮੌਕੇ ਤੇ ਦੋ ਡੀਐਸਪੀ ਅਤੇ ਕੁਝ ਐਸਐਚਓਜ਼ ਦੇ ਨਾਲ ਕੁੱਲ 73 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਚੇਅਰਮੈਨ ਦੇ ਸਵਾਲ ਦੇ ਜਵਾਬ ਵਿੱਚ ਐਸਪੀਡੀ ਨੇ ਇਹ ਵੀ ਦੱਸਿਆ ਕਿ ਮੌਕੇ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਤਹਿਸੀਲਦਾਰ ਨੂੰ ਬਤੌਰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ ਪ੍ਰੰਤੂ ਤਹਿਸੀਲਦਾਰ ਕਿਸੇ ਕਾਰਨ ਮੌਕੇ ‘ਤੇ ਹਾਜ਼ਰ ਨਹੀਂ ਹੋਏ ਜਿਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੂੰ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਸੀ। ਉੰਝ ਭਾਵੇਂ ਲਾਠੀਚਾਰਜ ਲਈ ਡੀਐਸਪੀ ਬਰਨਾਲਾ ਸਤਬੀਰ ਸਿੰਘ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਪ੍ਰੰਤੂ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਮੌਕੇ ‘ਤੇ ਤਾਇਨਾਤ ਦੂਜੇ ਡੀਐਸਪੀ ਜਸਵਿੰਦਰ ਕੌਰ ਨੂੰ ਵੀ ਪੜ੍ਹਤਾਲ ਵਿੱਚ ਸ਼ਾਮਿਲ ਕਰਨ ਦੇ ਬਰਨਾਲਾ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ।
ਐਸਸੀ ਕਮਿਸ਼ਨ ਅੱਗੇ ਪੇਸ਼ ਹੋਏ ਬਰਨਾਲਾ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਚੇਅਰਮੈਨ ਨੂੰ ਦੱਸਿਆ ਕਿ ਸਾਰੇ ਮਾਮਲੇ ਦੀ ਪੜ੍ਹਤਾਲ ਲਈ ਐਸਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਤੋਂ ਬਾਅਦ ਚੇਅਰਮੈਨ ਨੇ ਹੁਕਮ ਦਿੱਤੇ ਕਿ ਇਸ ਮਾਮਲੇ ਸਬੰਧੀ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਜਾਵੇ ਕਿ ਸਾਰੇ ਮਾਮਲੇ ਦੀ ਸੁਣਵਾਈ ਬਰਨਾਲਾ ਜ਼ਿਲ੍ਹੇ ਤੋਂ ਬਾਹਰ ਘੱਟੋ ਘੱਟ ਡੀਆਈਜੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਸੁਣਵਾਈ ਦੌਰਾਨ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਲਾਠੀਚਾਰਜ ਮੌਕੇ ਇੱਕ ਐਸਐਚਓ ਦੇ ਡਰਾਈਵਰ ਨੂੰ ਦੋਸ਼ੀ ਪੁਲਿਸ ਮੁਲਾਜ਼ਮਾਂ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਵੇ ਅਤੇ ਡਿਊਟੀ ਉੱਪਰ ਤਾਇਨਾਤ ਕੁਲ 73 ਕਰਮਚਾਰੀਆਂ ਵਿੱਚੋਂ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਵੱਖਰੀ ਸੂਚੀ ਦਿੱਤੀ ਜਾਵੇ ਜਿਨਾਂ ਨੇ ਸਫ਼ਾਈ ਕਰਮਚਾਰੀਆਂ ਉੱਪਰ ਡਾਂਗ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਜਦੋਂ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਪੁਲਿਸ ਅਧਿਕਾਰੀਆਂ ਤੋਂ ਸਾਰੇ ਮਾਮਲੇ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪ ਮੰਗੇ ਤਾਂ ਪੇਸ਼ ਹੋਏ ਅਧਿਕਾਰੀਆਂ ਨੇ ਉਸ ਸਮੇਂ ਦਾ ਵੀਡੀਓ ਕਲਿੱਪ ਚੇਅਰਮੈਨ ਨੂੰ ਦਿਖਾਇਆ ਜਦ ਸਫ਼ਾਈ ਕਰਮਚਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਉੱਪਰ ਕੂੜਾ ਸੁੱਟਿਆ ਗਿਆ ਪ੍ਰੰਤੂ ਚੇਅਰਮੈਨ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜਾ ਸੁੱਟੇ ਜਾਣ ਦੀ ਘਟਨਾ ਤੋਂ ਪਹਿਲਾਂ ਦੀ ਸਾਰੀ ਵੀਡੀਓ ਤੇ ਤਸਵੀਰਾਂ ਪੇਸ਼ ਕੀਤੀਆਂ ਜਾਣ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਫ਼ਾਈ ਕਰਮਚਾਰੀ ਐਨਾ ਗੁੱਸੇ ਵਿੱਚ ਕਿਉਂ ਆਏ ਕਿ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਉੱਪਰ ਆਪਣੇ ਹੱਥਾਂ ਨਾਲ ਚੁੱਕ ਕੇ ਕੂੜਾ ਸੁੱਟਣਾ ਪਿਆ।