Skip to main content

Gee 98News

ਕਨਸੋਆਂ…ਸਰਕਾਰ ਮੁਲਾਜ਼ਮਾਂ ਨੂੰ 8 ਫੀਸਦੀ DA ਕਰੇਗੀ ਪੇਸ਼ਕਸ਼… ਅੱਜ ਮੁੱਖ ਮੰਤਰੀ ਨਾਲ ਮੁਲਾਜ਼ਮਾਂ ਦੀ ਹੋਵੇਗੀ ਮੀਟਿੰਗ

ਚੰਡੀਗੜ੍ਹ, 27 ਅਗਸਤ, ( ਨਿਰਮਲ ਸਿੰਘ ਪੰਡੋਰੀ )-

-ਪੰਜਾਬ ਦੇ 3 ਲੱਖ ਤੋਂ ਵਧੇਰੇ ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਅੱਜ ਮਹਾਂ ਹੜ੍ਹਤਾਲ ‘ਤੇ ਰਹਿਣਗੇ, ਇਸ ਦੌਰਾਨ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਅਤੇ ਸਰਕਾਰੀ ਸੇਵਾਵਾਂ ਠੱਪ ਰਹਿਣਗੀਆਂ। ਦੂਜੇ ਪਾਸੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਅੱਜ ਹੋਣ ਵਾਲੀ ਮੀਟਿੰਗ ‘ਤੇ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੇ ਮੁੱਦੇ ‘ਤੇ ਮਨਾਉਣ ਲਈ ਯਤਨ ਕਰਨਗੇ। ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ 8 ਫੀਸਦੀ ਡੀਏ ਜਾਰੀ ਕਰਨ ਦੀ ਯੋਜਨਾ ਤਿਆਰ ਕੀਤੀ ਹੈ ਅਤੇ ਬਾਕੀ ਦੀ ਅਦਾਇਗੀ ਕਿਸ਼ਤਾਂ ਵਿੱਚ ਕਰਨ ਦਾ ਖਰੜਾ ਵੀ ਤਿਆਰ ਕੀਤਾ ਹੈ ਜੋ ਮੁਲਾਜ਼ਮਾਂ ਨਾਲ ਅੱਜ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਜਾਬ ਦੇ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਵੀ ਹਾਜ਼ਰ ਰਹਿਣਗੇ। ਵੇਖਣਯੋਗ ਹੋਵੇਗਾ ਕਿ ਪੰਜਾਬ ਦੇ ਮੁਲਾਜ਼ਮ ਡੀਏ ਦੀ ਅਦਾਇਗੀ ਸਬੰਧੀ ਸਰਕਾਰ ਦੀ ਯੋਜਨਾ ਦਾ ਹੁੰਗਾਰਾ ਭਰਦੇ ਹਨ ਜਾਂ ਫਿਰ ਸੰਘਰਸ਼ ਦਾ ਪਿੜ ਹੋਰ ਤਿੱਖਾ ਕੀਤਾ ਜਾਵੇਗਾ। ਦੱਸ ਦੇਈਏ ਕਿ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ‘ਚ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ‘ਤੇ ਮਹਾਂ ਹੜ੍ਹਤਾਲ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦੇ ਡੀਏ ਦੇ ਮੁੱਦੇ ‘ਤੇ ਹਾਈਕੋਰਟ ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਮੁਲਾਜ਼ਮਾਂ ਦਾ ਪਲੜਾ ਭਾਰੀ ਹੈ ਅਤੇ ਪੰਜਾਬ ਸਰਕਾਰ ਦਬਾਅ ਅਧੀਨ ਹੈ। ਪੰਜਾਬ ਸਰਕਾਰ ਨੇ 31 ਅਗਸਤ ਨੂੰ ਇਸ ਸਬੰਧੀ ਸਟੇਟਸ ਰਿਪੋਰਟ ਵੀ ਹਾਈਕੋਰਟ ਵਿੱਚ ਦਾਖ਼ਲ ਕਰਨੀ ਹੈ ਇਸ ਲਈ ਅੱਜ ਦੀ ਮੀਟਿੰਗ ਵਿੱਚ ਸਰਕਾਰ ਦਾ ਇਹ ਯਤਨ ਹੋਵੇਗਾ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਹਰ ਹੀਲੇ ਵਸੀਲੇ ਮਨਾ ਕੇ ਇਸ ਮੁੱਦੇ ਨੂੰ ਠੰਡਾ ਕੀਤਾ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਵੱਲੋਂ ਮੁਲਾਜ਼ਮਾਂ ਦੀ ਮਹਾਂ ਹੜ੍ਹਤਾਲ ਨੂੰ ਪੰਜਾਬ ਬੰਦ ਦਾ ਪ੍ਰਚਾਰ ਕਰਨ ਕਰਕੇ ਮੁਲਾਜ਼ਮ ਜਥੇਬੰਦੀਆਂ ਔਖੀਆਂ ਹਨ। ਮੁਲਾਜ਼ਮ ਆਗੂਆਂ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਨੇ ਪੂਰਾ ਜ਼ੋਰ ਲਗਾਇਆ ਕਿ ਲੋਕਾਂ ਨੂੰ ਮੁਲਾਜ਼ਮਾਂ ਦੇ ਸੰਘਰਸ਼ ਪ੍ਰਤੀ ਗੁੰਮਰਾਹ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮੁਲਾਜ਼ਮ ਜਥੇਬੰਦੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੱਜ ਮੁਲਾਜ਼ਮਾਂ ਦੀ ਮਹਾਂ ਹੜ੍ਹਤਾਲ ਹੈ, ਕੋਈ ਪੰਜਾਬ ਬੰਦ ਨਹੀਂ ਹੈ। ਇਸ ਦੌਰਾਨ ਸਿਰਫ਼ ਸਰਕਾਰੀ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ ਜਦਕਿ ਬਾਜ਼ਾਰ, ਦੁਕਾਨਾਂ ਪ੍ਰਾਈਵੇਟ ਟਰਾਂਸਪੋਰਟ ਅਤੇ ਹੋਰ ਪ੍ਰਾਈਵੇਟ ਅਦਾਰੇ ਸਕੂਲ, ਕਾਲਜ ਖੁੱਲ੍ਹੇ ਰਹਿਣਗੇ। ਹੁਣ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਅੱਜ ਦੀ ਹੋਣ ਵਾਲੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ। ਵੇਖਣਯੋਗ ਹੋਵੇਗਾ ਕਿ ਸੁਪਰ ਡੁਪਰ ਹਿੱਟ ਕਮੇਡੀ ਕਲਾਕਾਰ ਤੋਂ ਰਾਜਨੀਤੀ ਦੇ ਖੇਤਰ ‘ਚ ਵਿਸ਼ਵ ਭਰ ‘ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਲਈ ਗਲੇ ਦੀ ਹੱਡੀ ਬਣੇ ਇਸ ਮੁੱਦੇ ‘ਤੇ ਆਪਣੀ ਪ੍ਰਸ਼ਾਸਨਿਕ ਕਲਾਕਾਰੀ ਦਿਖਾਉਣ ‘ਚ ਕਾਮਯਾਬ ਰਹਿਣਗੇ ?

error: Content is protected !!