Skip to main content

Gee 98News

ਨਸ਼ੇ ਦੇ ਮੁੱਦੇ ‘ਤੇ “ਆਪ” ਸਰਕਾਰ ਨੂੰ ਘੇਰਨ ਲਈ ਕੇਵਲ ਢਿੱਲੋਂ ਦੀ ਕਮਾਂਡ ‘ਚ ਭਾਜਪਾ ਨੇ ਬਣਾਈ ਵਿਸ਼ੇਸ਼ ਰਣਨੀਤੀ

ਚੰਡੀਗੜ੍ਹ, 30 ਅਗਸਤ, ( ਨਿਰਮਲ ਸਿੰਘ ਪੰਡੋਰੀ )-

-ਭਾਰਤੀ ਜਨਤਾ ਪਾਰਟੀ ਪੰਜਾਬ ‘ਚ ਨਸ਼ੇ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲੇ ‘ਚ ਲੋਕਾਂ ਨੂੰ ਜਾਗਰੂਕ ਕਰਨ ਲਈ ਚਾਰ ਯਾਤਰਾਵਾਂ ਦਾ ਆਯੋਜਨ ਕਰੇਗੀ ਜਿਸ ਵਿੱਚੋਂ ਦੋ ਯਾਤਰਾਵਾਂ ਮਾਲਵਾ ਖੇਤਰ ਵਿੱਚ ਅਤੇ ਇੱਕ-ਇੱਕ ਦੁਆਬਾ ਤੇ ਮਾਝਾ ਖੇਤਰ ਵਿੱਚ ਇਹ ਕੱਢੀਆਂ ਜਾਣਗੀਆਂ। ਇਹਨਾਂ ਯਾਤਰਾਵਾਂ ਦੀ ਸਮਾਪਤੀ ‘ਤੇ ਭਾਜਪਾ ਪੰਜਾਬ ‘ਚ ਇੱਕ ਵੱਡੀ ਰੈਲੀ ਕਰੇਗੀ ਜਿਸ ਵਿੱਚ ਗ੍ਰਿਹ ਮੰਤਰੀ ਅਮਿਤ ਸ਼ਾਹ ਵੀ ਸ਼ਾਮਿਲ ਹੋ ਸਕਦੇ ਹਨ। ਨਸ਼ੇ ਦੇ ਮੁੱਦੇ ‘ਤੇ ਪੰਜਾਬ ਦੀ ਆਪ ਸਰਕਾਰ ਨੂੰ ਘੇਰਨ ਲਈ ਭਾਜਪਾ ਯਾਤਰਾਵਾਂ ਦਾ ਆਗਾਜ਼ 15 ਸਤੰਬਰ ਤੋਂ ਕਰ ਸਕਦੀ ਹੈ। ਪਾਰਟੀ ਸੂਤਰਾਂ ਅਨੁਸਾਰ ਜਲਦੀ ਹੀ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਇਹਨਾਂ ਯਾਤਰਾਵਾਂ ਦੇ ਰੂਟ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਪੰਜਾਬ ‘ਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੇਖਿਆ ਜਾ ਰਿਹਾ ਹੈ ਕਿ ਭਾਜਪਾ ਨੇ ਪੰਜਾਬ ‘ਚ ਨਸੇ ਤੇ ਮੁੱਦੇ ਨੂੰ ਮੁੱਖ ਮੁੱਦਾ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ “ਮਨ ਕੀ ਬਾਤ” ਪ੍ਰੋਗਰਾਮ ਵਿੱਚ ਨਸ਼ੇ ਦੇ ਮੁੱਦੇ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਨਸ਼ਾ ਮੁਕਤੀ ਦਾ ਮੁੱਦਾ ਉਠਾਇਆ ਅਤੇ ਨਸ਼ੇ ਪ੍ਰਤੀ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੱਤਾ ਜਿਸ ਤੋਂ ਸਪੱਸ਼ਟ ਹੈ ਕਿ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਤੇ ਮੱਦੇਨਜ਼ਰ ਆਪ ਸਰਕਾਰ ਨੂੰ ਨਸ਼ੇ ਦੇ ਮੁੱਦੇ ‘ਤੇ ਯੋਜਨਾਬੱਧ ਤਰੀਕੇ ਨਾਲ ਘੇਰੇਗੀ। ਜ਼ਿਕਰਯੋਗ ਹੈ ਕਿ ਕੇਵਲ ਸਿੰਘ ਢਿੱਲੋਂ ਦੇ ਹੱਥ ਕਮਾਂਡ ਆਉਣ ਤੋਂ ਬਾਅਦ ਪੰਜਾਬ ਭਾਜਪਾ ਪੰਜਾਬ ਨਾਲ ਅਤੇ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜੇ ਕੁਝ ਗੰਭੀਰ ਮੁੱਦਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਉਠਾ ਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਨੀਤੀ ‘ਤੇ ਚੱਲ ਰਹੀ ਹੈ।

error: Content is protected !!