Skip to main content

Gee 98News

ਅਕਾਲੀ-ਭਾਜਪਾ ਗੱਠਜੋੜ ਤੈਅ…ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਲੜਨਗੀਆਂ ਦੋਵੇਂ ਪਾਰਟੀਆਂ

– ਗੱਠਜੋੜ ਤਹਿਤ 50 ਤੋਂ ਵੱਧ ਸੀਟਾਂ ‘ਤੇ ਲੜ ਸਕਦੀ ਹੈ ਭਾਜਪਾ

ਚੰਡੀਗੜ੍ਹ, 31 ਅਗਸਤ, Gee98 news service-

-ਪੰਜਾਬ ‘ਚ ਕੁਝ ਮਹੀਨੇ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣਾ ਲੱਗਭੱਗ ਤੈਅ ਹੈ ਕਿਉਂਕਿ ਦੋਵੇਂ ਪਾਰਟੀਆਂ ਦੇ ਵੱਡੇ ਆਗੂ ਹੁਣ ਤੱਕ ਇਹ ਸਮਝ ਚੁੱਕੇ ਹਨ ਕਿ ਆਪਣੇ ਪੱਧਰ ‘ਤੇ ਭਾਜਪਾ ਤੇ ਅਕਾਲੀ ਦਲ ਪੰਜਾਬ ਦੀ ਸੱਤਾ ‘ਤੇ ਕਬਜ਼ਾ ਨਹੀਂ ਕਰ ਸਕਦਾ, ਇਸ ਲਈ ਪੰਜਾਬ ‘ਚ ਇਕੱਲੇ ਚੋਣ ਲੜਨ ਦੀ ਭਾਜਪਾ ਦੀ ਜ਼ਿੱਦ ਕੁਝ ਦਿਨਾਂ ਤੋਂ ਢਿੱਲੀ ਪੈਂਦੀ ਜਾਪੀ ਹੈ। ਸੂਤਰਾਂ ਅਨੁਸਾਰ ਪਿਛਲੇ ਦੋ ਕੁ ਮਹੀਨਿਆਂ ਤੋਂ ਗੱਠਜੋੜ ਸਬੰਧੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੀਆਂ ਖੁੱਲੀਆਂ ਮੀਟਿੰਗਾਂ ਵੀ ਹੋਈਆਂ ਹਨ ਪ੍ਰੰਤੂ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਦਿਨੀਂ ਵੱਡੇ ਆਗੂਆਂ ਦੀਆਂ ਕੁਝ ਗੁਪਤ ਮੀਟਿੰਗਾਂ ਵੀ ਹੋਈਆਂ ਹਨ ਜਿਸ ਵਿੱਚ ਸੀਟਾਂ ਦੇ ਲੈਣ ਦੇਣ ਦੇ ਅੰਕੜਿਆਂ ਨੂੰ ਲੱਗਭੱਗ ਫਾਈਨਲ ਰੂਪ ਦੇ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਲੋਕ ਸਭਾ 2024 ਦੇ ਨਤੀਜੇ ਅਨੁਸਾਰ ਭਾਜਪਾ 23 ਸੀਟਾਂ ‘ਤੇ ਪਹਿਲੇ ਨੰਬਰ ‘ਤੇ ਰਹੀ ਸੀ ਸੱਤ ਸੀਟਾਂ ‘ਤੇ ਦੂਜੇ ਨੰਬਰ ਅਤੇ 28 ਸੀਟਾਂ ‘ਤੇ ਤੀਜੇ ਨੰਬਰ ‘ਤੇ ਰਹੇ ਸੀ। ਜੇਕਰ ਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੇ ਨਾਮ ਦਾ ਪ੍ਰਸਤਾਵ ਦਿੱਤਾ ਹੈ ਜਦਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਚੋਣਾਂ ਲੜਨਾ ਚਾਹੁੰਦੀ ਹੈ। ਗੱਠਜੋੜ ਦੇ ਮੁੱਖ ਮੰਤਰੀ ਦਾ ਚਿਹਰਾ ਅਜੇ ਸਪੱਸ਼ਟ ਸਾਹਮਣੇ ਨਹੀਂ ਦਿੱਤਾ ਗਿਆ। ਭਾਵੇਂ ਕਿ ਸੀਟਾਂ ਦੇ ਲੈਣ ਦੇਣ ਦੇ ਅੰਕੜੇ ਵੀ ਅਜੇ ਫਾਈਨਲ ਨਹੀਂ ਕੀਤੇ ਪ੍ਰੰਤੂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਜਪਾ 50 ਤੋਂ 60 ਸੀਟਾਂ ‘ਤੇ ਚੋਣ ਲੜੇਗੀ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਭਾਜਪਾ ਵੱਲੋਂ ਲੜੀਆਂ ਜਾ ਰਹੀਆਂ ਸੀਟਾਂ ਦੇ ਅੰਕੜੇ ਕਾਰਨ ਹੀ ਮੁੱਖ ਮੰਤਰੀ ਦਾ ਚਿਹਰਾ ਫਾਈਨਲ ਨਹੀਂ ਕੀਤਾ ਗਿਆ ਕਿਉਂਕਿ ਭਾਜਪਾ ਜੇਕਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਸੀਟਾਂ ਜਿੱਤ ਵੀ ਜਾਂਦੀ ਹੈ ਤਾਂ ਮੁੱਖ ਮੰਤਰੀ ਦੇ ਅਹੁਦੇ ‘ਤੇ ਦਾਅਵਾ ਠੋਕੇਗੀ। ਇਹ ਭਾਜਪਾ ਦਾ ਆਪਣੇ ਵਰਕਰਾਂ ਨੂੰ ਇੱਕ ਸਿਆਸੀ ਚੋਗਾ ਵੀ ਹੈ ਤਾਂ ਜੋ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਮੱਦੇਨਜ਼ਰ ਜ਼ਿੰਦ ਜਾਨ ਲਗਾ ਕੇ ਚੋਣਾਂ ਜਿੱਤਣ ਲਈ ਕੰਮ ਕਰਨਗੇ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਵੱਲੋਂ ਭਾਜਪਾ ਦੇ ਵਿਦਿਆਰਥੀ ਵਿੰਗ ਨੂੰ ਦਿੱਤੀ ਹਮਾਇਤ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋਵਾਂ ਪਾਰਟੀਆਂ ਦੇ ਗੱਠਜੋੜ ਸਬੰਧੀ ਹਾਂ ਪੱਖੀ ਸੁਨੇਹਾ ਲੈ ਕੇ ਆਈ ਹੈ।

Gee98 Ads
error: Content is protected !!