ਚੰਡੀਗੜ੍ਹ, 6 ਸਤੰਬਰ, Gee98 News service-
-ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਕਮੇਟੀ ਵਿੱਚ ਅੰਦਰੂਨੀ ਮਤਭੇਦਾਂ ਨੂੰ ਖਤਮ ਕਰਨ ਦੇ ਯਤਨਾਂ ਵਜੋਂ ਸੂਬੇ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਹਟਾ ਕੇ ਸਚਿਨ ਪਾਇਲਟ ਨੂੰ ਇੰਚਾਰਜ਼ ਦੀ ਜ਼ਿੰਮੇਵਾਰੀ ਦਿੱਤੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਪੰਜਾਬ ਕਾਂਗਰਸ ਲਈ ਇਹ ਸੁੱਖਦ ਖ਼ਬਰ ਹੈ ਕਿਉਂਕਿ ਸਚਿਨ ਪਾਇਲਟ ਦੀ ਨਿਯੁਕਤੀ ਦਾ ਪੰਜਾਬ ਦੇ ਹਰੇਕ ਕਾਂਗਰਸ ਆਗੂ ਨੇ ਸਵਾਗਤ ਕੀਤਾ ਹੈ।
-ਕਾਂਗਰਸ ਹਾਈਕਮਾਂਡ ਨੇ ਕਿਵੇਂ ਲਿਆ ਸਚਿਨ ਪਾਇਲਟ ਦੀ ਨਿਯੁਕਤੀ ਦਾ ਫੈਸਲਾ
3 ਸਤੰਬਰ ਨੂੰ ਦਿੱਲੀ ‘ਚ ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਰਾਹੁਲ ਗਾਂਧੀ ਦੀ ਟੀਮ ਦੀ ਇੱਕ ਲੰਮੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਕਾਂਗਰਸ ਦੀ ਧੜੇਬੰਦੀ ‘ਤੇ ਖੁੱਲ ਕੇ ਚਰਚਾ ਹੋਈ। ਇਸ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਦੀ ਟੀਮ ਨੇ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦੀ ਮੌਜੂਦਾ ਸਹੀ ਰਿਪੋਰਟ ਦਿੱਤੀ। 4 ਸਤੰਬਰ ਨੂੰ ਵੀ ਦਿੱਲੀ ਵਿੱਚ ਸੰਗਠਨ ਦੀ ਇੱਕ ਹੋਰ ਮੀਟਿੰਗ ਹੋਈ ਜਿਸ ਵਿੱਚ ਚੰਨੀ ਗਰੁੱਪ ਦੇ ਰਾਣਾ ਗੁਰਜੀਤ ਸਿੰਘ ਵੀ ਸ਼ਾਮਿਲ ਹੋਏ, ਇਸ ਮੀਟਿੰਗ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦੀ ਮੀਟਿੰਗ ਕੇ ਸੀ ਵੈਨੂਗੋਪਾਲ ਅਤੇ ਸਚਿਨ ਪਾਇਲਟ ਦੇ ਨਾਲ ਹੋਈ। 3 ਤੇ 4 ਸਤੰਬਰ ਦੀਆਂ ਇਹਨਾਂ ਮਹੱਤਵਪੂਰਨ ਮੀਟਿੰਗ ਦਾ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਭੂਪੇਸ਼ ਬਘੇਲ ਨੂੰ ਬਦਲਣ ਦਾ ਫੈਸਲਾ ਲਿਆ। ਭੂਪੇਸ ਬਘੇਲ ਦਾ ਪੰਜਾਬ ‘ਚ ਕਾਂਗਰਸ ਦੇ ਵਰਕਰਾਂ ਵੱਲੋਂ ਕੀਤਾ ਗਿਆ ਵਿਰੋਧ ਨੇ ਵੀ ਕਾਂਗਰਸ ਹਾਈਕਮਾਂਡ ਨੂੰ ਚਿੰਤਿਤ ਕੀਤਾ ਸੀ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਾਂਗਰਸ ਦੇ ਵਰਕਰਾਂ ਨੇ ਆਪਣੇ ਸੂਬਾ ਇੰਚਾਰਜ ਦੇ ਖ਼ਿਲਾਫ਼ “ਗੋ ਬੈਕ” ਦੇ ਨਾਅਰੇ ਲਗਾਏ ਹੋਣ।
-ਕੌਣ ਹਨ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਸਚਿਨ ਪਾਇਲਟ
ਸਚਿਨ ਪਾਇਲਟ ਦੇ ਪਿਤਾ ਰਾਜੇਸ਼ ਪਾਇਲਟ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹਨ। ਸਚਿਨ ਪਾਇਲਟ ਦਾ ਜਨਮ 7 ਸਤੰਬਰ 1977 ਨੂੰ ਹੋਇਆ, ਉਹ 26 ਸਾਲ ਦੀ ਉਮਰ ‘ਚ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੋਸਾ ਸੀਟ ਤੋਂ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਦੇ ਮੈਂਬਰ ਬਣੇ ਅਤੇ ਭਾਰਤ ਦੇ ਸਭ ਤੋਂ ਨੌਜਵਾਨ ਲੋਕ ਸਭਾ ਮੈਂਬਰਾਂ ਵਿੱਚ ਸ਼ਾਮਿਲ ਹੋਏ। ਸਚਿਨ ਪਾਇਲਟ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਯੂਪੀਏ-2 ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੇ। 2013 ‘ਚ ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸਚਿਨ ਪਾਇਲਟ ਨੂੰ ਕਾਂਗਰਸ ਦੀ ਕਮਾਂਡ ਦਿੱਤੀ ਗਈ ਜਿਨਾਂ ਦੀ ਅਗਵਾਈ ‘ਚ 2018 ‘ਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਜਿੱਤ ਕੇ ਰਾਜਸਥਾਨ ਵਿੱਚ ਸਰਕਾਰ ਬਣਾਈ। ਸਚਿਨ ਪਾਇਲਟ ਰਾਜਸਥਾਨ ‘ਚ ਡਿਪਟੀ ਮੁੱਖ ਮੰਤਰੀ ਦੇ ਅਹੁਦੇ ‘ਤੇ ਵੀ ਰਹੇ ਹਾਲਾਂਕਿ ਬਾਅਦ ਵਿੱਚ ਕੁਝ ਪਰਿਸਥਿਤੀਆਂ ਦੇ ਕਾਰਨ ਉਹਨਾਂ ਨੂੰ ਇਹ ਅਹੁਦਾ ਛੱਡਣਾ ਵੀ ਪਿਆ। ਸਚਿਨ ਪਾਇਲਟ ਦੀ ਮਾਤਾ ਪੰਜਾਬ ਤੋਂ ਸਨ ਅਤੇ ਖੁਦ ਸਚਿਨ ਪਾਇਲਟ ਵੀ ਪੰਜਾਬੀ ਚੰਗੀ ਸਮਝਦੇ ਅਤੇ ਚੰਗੀ ਬੋਲ ਲੈਂਦੇ ਹਨ। ਨੌਜਵਾਨਾਂ ‘ਚ ਸਚਿਨ ਪਾਇਲਟ ਦਾ ਚੰਗਾ ਕਰੇਜ਼ ਹੈ। ਹਾਈਕਮਾਂਡ ਨੂੰ ਉਮੀਦ ਹੈ ਕਿ ਸਚਿਨ ਪਾਇਲਟ ਦੇ ਤਜਰਬੇ ਅਤੇ ਸਿਆਸੀ ਸ਼ਖਸੀਅਤ ਦਾ ਫਾਇਦਾ ਪੰਜਾਬ ਕਾਂਗਰਸ ਨੂੰ ਮਿਲੇਗਾ।