– ਸਤੰਬਰ ਦੇ ਆਖ਼ਰੀ ਹਫ਼ਤੇ ਕਮਿਸ਼ਨ ਦੀਆਂ ਟੀਮਾਂ ਰਾਜਾਂ ਦਾ ਕਰਨਗੀਆਂ ਦੌਰਾ
ਚੰਡੀਗੜ੍ਹ,10 ਸਤੰਬਰ, Gee98 News service-
-ਪੰਜਾਬ ‘ਚ ਉਂਝ ਭਾਵੇਂ ਅਜੇ ਚੋਣ ਤਾਰੀਕ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਹੋਇਆ ਪ੍ਰੰਤੂ ਸੂਬੇ ‘ਚ ਚੋਣਾਂ ਲੜਨ ਲਈ ਪਾਰਟੀਆਂ ਨੇ ਪਹਿਲਾਂ ਹੀ ਆਪਣੇ ਕਮਰਕੱਸੇ ਕਰ ਲਏ ਹਨ। ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਵੀ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਚੋਣ ਕਮਿਸ਼ਨ ਦੀਆਂ ਵਿਸ਼ੇਸ਼ ਟੀਮਾਂ ਸਤੰਬਰ ਦੇ ਆਖਰੀ ਹਫਤੇ ਇਹਨਾਂ ਪੰਜ ਰਾਜਾਂ ਦਾ ਦੌਰਾ ਸ਼ੁਰੂ ਕਰਨਗੀਆਂ। ਚੋਣ ਕਮਿਸ਼ਨ ਦੀਆਂ ਟੀਮਾਂ ਪਹਿਲਾਂ ਉਹਨਾਂ ਰਾਜਾਂ ਦਾ ਦੌਰਾ ਕਰਨੀਆਂ ਜਿੱਥੇ SIR ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਜਿਸ ਵਿੱਚ ਉੱਤਰ ਪ੍ਰਦੇਸ਼, ਗੋਆ ਤੇ ਮਨੀਪੁਰ ਸ਼ਾਮਿਲ ਹਨ ਜਦਕਿ ਪੰਜਾਬ ਅਤੇ ਉੱਤਰਾਖੰਡ ਵਿੱਚ SIR ਦੀ ਪ੍ਰਕਿਰਿਆ ਅੰਤਿਮ ਰੂਪ ਵਿੱਚ ਹੈ ਅਤੇ ਅੰਤਿਮ ਵੋਟਰ ਸੂਚੀਆਂ ਅਕਤੂਬਰ ਵਿੱਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਜਿਹੜੇ ਪੰਜ ਰਾਜਾਂ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਉਹਨਾਂ ‘ਚ ਮਨੀਪੁਰ ਵਿਧਾਨ ਸਭਾ ਦਾ ਕਾਰਜਕਾਲ 13 ਮਾਰਚ 2027 ਨਹੀਂ ਖ਼ਤਮ ਹੋ ਰਿਹਾ ਹੈ ਇਸੇ ਤਰ੍ਹਾਂ ਗੋਆ ਦਾ 14 ਮਾਰਚ, ਪੰਜਾਬ ਦਾ 16 ਮਾਰਚ, ਉੱਤਰਾਖੰਡ ਦਾ 28 ਮਾਰਚ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ 22 ਮਈ 2027 ਨੂੰ ਖ਼ਤਮ ਹੋ ਰਿਹਾ ਹੈ। ਪੰਜਾਬ ‘ਚ ਜਨਗਣਨਾ ਦਾ ਦੂਜਾ ਪੜਾਅ ਨਵੰਬਰ ‘ਚ ਸ਼ੁਰੂ ਕਰਨ ਕਰਕੇ ਪਹਿਲਾਂ ਹੀ ਸੰਕੇਤ ਮਿਲ ਚੁੱਕੇ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ‘ਤੇ ਫਰਵਰੀ 2027 ਵਿੱਚ ਹੀ ਹੋਣਗੀਆਂ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਇਸ ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਤਿੰਨ ਤੋਂ ਚਾਰ ਪੜਾਵਾਂ ਵਿੱਚ ਹੀ ਕਰਵਾਉਣਾ ਚਾਹੁੰਦਾ ਹੈ ਜਦਕਿ 2202, 2017 ਤੇ 2012 ‘ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਹੋਈਆਂ ਸਨ। ਪੰਜਾਬ, ਉੱਤਰਾਖੰਡ ਤੇ ਗੋਆ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਇੱਕ ਪੜਾਅ ਵਿੱਚ ਹੀ ਹੋਈਆਂ ਸਨ। ਇੱਥੇ ਇਹ ਵੀ ਧਿਆਨ ਰਹੇ ਕਿ ਬਿਹਾਰ ਅਤੇ ਬੰਗਾਲ ਵਰਗੇ ਰਾਜਾਂ ਦੀਆਂ ਚੋਣਾਂ ਦੋ ਪੜਾਵਾਂ ‘ਚ ਕਰਵਾ ਕੇ ਚੋਣ ਕਮਿਸ਼ਨ ਆਪਣੀ ਸਮਰੱਥਾ ਅਤੇ ਕਾਬਲੀਅਤ ਪਰਖ ਚੁੱਕਾ ਹੈ। ਚੋਣਾਂ ਦੌਰਾਨ ਝੂਠੀਆਂ ਕਹਾਣੀਆਂ ਦੇ ਵੱਧਦੇ ਪ੍ਰਚਲਨ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਲਗਾਤਾਰ ਛੋਟੀ ਚੋਣ ਮਿਆਦ ਦੀ ਵਕਾਲਤ ਕੀਤੀ ਹੈ ਅਤੇ ਅਗਲੇ ਵਰ੍ਹੇ ਹੋਣ ਵਾਲੀਆਂ ਯੂਪੀ ਦੀਆਂ ਚੋਣਾਂ ਸਮੇਂ ਵੀ ਚੋਣ ਕਮਿਸ਼ਨ ਚੋਣ ਪ੍ਰਕਿਰਿਆ ਦੀ ਛੋਟੀ ਮਿਆਦ ਹੀ ਰੱਖੇਗਾ। ਕੁੱਲ ਮਿਲਾ ਕੇ ਚੋਣ ਕਮਿਸ਼ਨ ਵੱਲੋਂ ਯੂਪੀ, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਜਿਸ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਟੀਮਾਂ ਸਤੰਬਰ ਦੇ ਆਖ਼ਰੀ ਹਫ਼ਤੇ ਇਹਨਾਂ ਰਾਜਾਂ ਦਾ ਦੌਰਾ ਕਰਨਗੀਆਂ।