ਬਰਨਾਲਾ 8 ਜਨਵਰੀ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਦੇ ਸਿਵਲ ਸਰਜਨ ਦੀ ਬਦਲੀ ਦੇ ਮਾਮਲੇ ਨੇ ਇਕ ਨਵਾਂ ਰੂਪ ਲੈ ਲਿਆ ਹੈ,ਕਾਨੂੰਨ ਦਾ ਓਟ ਆਸਰਾ ਲੈਂਦੇ ਹੋਏ ਡਾ ਜਸਬੀਰ ਸਿੰਘ ਔਲਖ ਨੇ ਦੁਬਾਰਾ ਫੇਰ ਬਤੌਰ ਸਿਵਲ ਸਰਜਨ ਬਰਨਾਲਾ ਜੁਆਇਨ ਕਰ ਲਿਆ ਹੈ। ਡਾ ਔਲਖ ਨੇ ਆਪਣੀ ਬਦਲੀ ਸਬੰਧੀ ਸਰਕਾਰ ਦੇ ਹੁਕਮਾਂ ਖ਼ਿਲਾਫ਼ ਹਾਈ ਕੋਰਟ ਦਾ ਰੁਖ ਕੀਤਾ ਸੀ। ਮਾਣਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਡਾ ਜਸਬੀਰ ਸਿੰਘ ਔਲਖ ਦੀ ਬਦਲੀ ‘ਤੇ ਸਟੇਅ ਆਰਡਰ ਜਾਰੀ ਕਰ ਦਿੱਤੇ ਹਨ,ਜਿਸ ਤੋਂ ਬਾਅਦ ਡਾ ਔਲਖ ਨੇ ਬਰਨਾਲਾ ਵਿਖੇ ਬਤੌਰ ਸਿਵਲ ਸਰਜਨ ਜੁਆਇਨ ਕਰ ਲਿਆ ਹੈ। ਦੱਸਣਯੋਗ ਹੈ ਕਿ ਸਿਵਲ ਹਸਪਤਾਲ ਬਰਨਾਲਾ ਦੇ ਨੌਕਰੀ ਤੋਂ ਕੱਢੇ ਗਏ ਦੋ ਹੱਡੀਆਂ ਦੇ ਡਾਕਟਰਾਂ ਨੂੰ ਸਿਹਤ ਵਿਭਾਗ ਵੱਲੋਂ ਮੁੜ ਬਹਾਲ ਕਰਨ ਦੇ ਨਾਲ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਹੀ ਲਗਾ ਦਿੱਤਾ ਗਿਆ ਸੀ ਅਤੇ ਨਾਲ ਹੀ ਡਾ. ਜਸਬੀਰ ਸਿੰਘ ਔਲਖ ਦੀ ਦਫ਼ਤਰ ਡਾਇਰੈਕਟਰ ਸਿਹਤ ਵਿਭਾਗ ਬਦਲੀ ਕਰ ਦਿੱਤੀ ਸੀ। ਨੌਕਰੀ ਤੋਂ ਕੱਢੇ ਗਏ ਇਨ੍ਹਾਂ ਡਾਕਟਰਾਂ ਦੀ ਪੜਤਾਲ ਰਿਪੋਰਟ ਡਾ ਔਲਖ ਨੇ ਹੀ ਤਿਆਰ ਕੀਤੀ ਸੀ ਜਿਸ ਦੇ ਆਧਾਰ ‘ਤੇ ਇਨ੍ਹਾਂ ਡਾਕਟਰਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਸੀ। ਪ੍ਰੰਤੂ ਕੁਝ ਸਮੇਂ ਬਾਅਦ ਹੀ ਸਿਹਤ ਵਿਭਾਗ ਨੇ ਇਨ੍ਹਾਂ ਡਾਕਟਰਾਂ ਨੂੰ ਬਹਾਲ ਕਰ ਦਿੱਤਾ ਅਤੇ ਇਨ੍ਹਾਂ ਡਾਕਟਰਾਂ ਦੀ ਪੜਤਾਲ ਕਰਨ ਵਾਲੇ ਡਾ ਔਲਖ ਨੂੰ ਸਜ਼ਾ ਦਿੰਦੇ ਹੋਏ ਦਫ਼ਤਰ ਡਾਇਰੈਕਟਰ ਸਿਹਤ ਵਿਭਾਗ ਵਿਖੇ ਭੇਜ ਦਿੱਤਾ। ਡਾ ਔਲਖ ਨੇ ਸਰਕਾਰ ਦੇ ਇਨ੍ਹਾਂ ਹੁਕਮਾਂ ਖ਼ਿਲਾਫ਼ ਹਾਈਕੋਰਟ ਦਾ ਰੁਖ ਕੀਤਾ ਜਿਥੇ ਸੁਣਵਾਈ ਦੌਰਾਨ ਹਾਈਕੋਰਟ ਨੇ ਡਾ ਔਲਖ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਬਦਲੀ ‘ਤੇ ਸਟੇਅ ਆਰਡਰ ਜਾਰੀ ਕੀਤੇ ਹਨ।ਦੂਜੇ ਪਾਸੇ ਡਾ ਔਲਖ ਦੀ ਬਦਲੀ ਦੇ ਖ਼ਿਲਾਫ਼ ਸਿਵਲ ਹਸਪਤਾਲ ਬਚਾਓ ਕਮੇਟੀ ਨੇ ਵੀ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ। ਸਿਵਲ ਹਸਪਤਾਲ ਬਚਾਓ ਕਮੇਟੀ ਦੇ ਮੈਂਬਰਾਂ ਨੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਡਾ ਔਲਖ ਦੀ ਬਦਲੀ ਸਰਕਾਰ ਵੱਲੋਂ ਬਦਲਾਖੋਰੀ ਨੀਤੀ ਤਹਿਤ ਕੀਤੀ ਗਈ ਸੀ ਜਿਸ ਸਬੰਧੀ ਹਾਈਕੋਰਟ ਨੇ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।