ਬਰਨਾਲਾ 9 ਮਾਰਚ (ਨਿਰਮਲ ਸਿੰਘ ਪੰਡੋਰੀ)-ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦੇ ਟਵਿੱਟਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਐਨ ਇਕ ਦਿਨ ਪਹਿਲਾਂ ਸੂਬੇ ਦੀ ਰਾਜਨੀਤੀ ‘ਚ ਗਰਮਾਹਟ ਪੈਦਾ ਕਰ ਦਿੱਤੀ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਨੇ ਆਪਣੇ ਟਵੀਟ ‘ਚ ਦੱਸਿਆ ਹੈ ਕਿ ਬੀਤੀ ਰਾਤ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫ਼ਾਰਮ ‘ਚ ਇਕ ਮੀਟਿੰਗ ਹੋਈ,ਪ੍ਰਿਤਪਾਲ ਸਿੰਘ ਨੇ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਦੇ ਕੁਝ ਆਗੂਆਂ ਦੀ ਸ਼ਮੂਲੀਅਤ ਵੱਲ ਵੀ ਇਸ਼ਾਰਾ ਕੀਤਾ ਹੈ ਅਤੇ ਨਾਲ ਹੀ ਚੋਣਾਂ ਦੇ ਨਤੀਜੇ ਤੋਂ ਇਕ ਦਿਨ ਬਾਅਦ 11 ਮਾਰਚ ਨੂੰ ਇੱਕ ਵੱਡੇ ਸਿਆਸੀ ਝਟਕੇ ਲਈ ਤਿਆਰ ਰਹਿਣ ਵੱਲ ਵੀ ਸੰਕੇਤ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਇਕ ਆਗੂ ਦੇ ਇਸ ਟਵੀਟ ਨੇ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਨਵੀਂ ਚਰਚਾ ਛੇੜ ਦਿੱਤੀ ਹੈ। ਯਾਦ ਰਹੇ ਕਿ 11 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮਦਿਨ ਹੈ ਅਤੇ ਲੋਕਾਂ ਦੀ ਨਜ਼ਰ ਇਸ ਉੱਪਰ ਬਣੀ ਰਹੇਗੀ ਕਿ ਆਪਣੇ ਜਨਮਦਿਨ ‘ਤੇ ਕੈਪਟਨ ਅਮਰਿੰਦਰ ਸਿੰਘ ਕਿਹੋ ਜਿਹਾ ਸਿਆਸੀ ਕੇਕ ਕੱਟਣਗੇ।