ਬਰਨਾਲਾ, 10 ਮਾਰਚ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਪਿਛਲੇ ਕਈ ਸਾਲਾਂ ਦਾ ਸਥਾਪਤ ਰਿਕਾਰਡ ਤੋੜਦੇ ਹੋਏ ਇਕ ਨਵਾਂ ਕੀਰਤੀਮਾਨ ਕਾਇਮ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕੇ ਬਰਨਾਲਾ, ਭਦੌੜ ਤੇ ਮਹਿਲ ਕਲਾਂ ਦਾ ਹੁਣ ਤੱਕ ਦਾ ਇਕ ਰਿਕਾਰਡ ਰਿਹਾ ਹੈ ਕਿ ਜਿਹੜੀ ਪਾਰਟੀ ਦੀ ਪੰਜਾਬ ‘ਚ ਸਰਕਾਰ ਬਣਦੀ ਹੈ ਇੱਥੇ ਉਸ ਪਾਰਟੀ ਦੀ ਵਿਰੋਧੀ ਪਾਰਟੀ ਦੇ ਵਿਧਾਇਕ ਜਿੱਤਦੇ ਆਏ ਹਨ ਪ੍ਰੰਤੂ ਇਸ ਵਾਰ ਬਰਨਾਲਾ ਜ਼ਿਲੇ ਦੇ ਤਿੰਨਾਂ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਇਹ ਰਵਾਇਤ ਤੋੜ ਦਿੱਤੀ ਹੈ। ਵਿਧਾਨ ਸਭਾ ਹਲਕਾ ਬਰਨਾਲਾ, ਭਦੌੜ ਤੇ ਮਹਿਲ ਕਲਾਂ ਦੇ ਚੋਣ ਨਤੀਜਿਆਂ ਅਨੁਸਾਰ ਤਿੰਨੇ ਸੀਟਾਂ ਉੱਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਜੇਤੂ ਰਹੇ ਹਨ ਜਦਕਿ ਸੂਬੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਕਿਸੇ ਹੋਰ ਪਾਰਟੀ ਦੀ ਅਤੇ ਬਰਨਾਲਾ ਜ਼ਿਲ੍ਹੇ ਵਿਚ ਵਿਧਾਇਕ ਕਿਸੇ ਹੋਰ ਪਾਰਟੀ ਦੇ ਹੋਣ ਕਾਰਨ ਲੋਕ ਸਿਆਸੀ ਪਾਰਟੀਆਂ ਦੀ ਵਿਰੋਧਤਾ ਦੀ ਚੱਕੀ ਵਿੱਚ ਪਿਸਦੇ ਆਏ ਹਨ ਪ੍ਰੰਤੂ ਇਸ ਵਾਰ ਲੋਕਾਂ ਨੂੰ ਉਮੀਦ ਹੈ ਕਿ ਸੂਬੇ ਵਿਚ ਸਰਕਾਰ ਅਤੇ ਬਰਨਾਲਾ ਦੇ ਤਿੰਨੋਂ ਹਲਕਿਆਂ ‘ਚ ਵਿਧਾਇਕ ਇੱਕੋ ਹੀ ਪਾਰਟੀ ਦੇ ਹੋਣ ਕਾਰਨ ਸ਼ਾਸਨ ਪ੍ਰਸ਼ਾਸਨ ਵਿੱਚ ਲੋਕਾਂ ਦੀ ਗੱਲ ਸੁਣੀ ਜਾਵੇਗੀ ਉਥੇ ਵਿਕਾਸ ਕਾਰਜਾਂ ਵਿੱਚ ਵੀ ਤੇਜ਼ੀ ਆਵੇਗੀ। ਬਰਨਾਲਾ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਉੱਪਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜ਼ਿਲੇ ਦੇ ਲੋਕਾਂ ਨੂੰ ਇਕ ਹੋਰ ਵੱਡੀ ਉਮੀਦ ਜਾਗੀ ਹੈ ਕਿ ਇਸ ਵਾਰ ਬਰਨਾਲਾ ਜ਼ਿਲ੍ਹੇ ਦੇ ਘੱਟੋ ਘੱਟ ਇੱਕ ਵਿਧਾਇਕ ਨੂੰ ਝੰਡੀ ਵਾਲੀ ਕਾਰ ਜਰੂਰ ਮਿਲ ਸਕਦੀ ਹੈ।