ਬਰਨਾਲਾ 9 ਮਾਰਚ (ਨਿਰਮਲ ਸਿੰਘ ਪੰਡੋਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਦੇ ਨਤੀਜਿਆਂ ਸਬੰਧੀ ਵੱਖ ਵੱਖ ਏਜੰਸੀਆਂ ਵੱਲੋਂ ਕੀਤੇ ਐਗਜ਼ਿਟ ਪੋਲ ਸਬੰਧੀ ਵੱਡਾ ਬਿਆਨ ਦਿੱਤਾ ਹੈ। ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਗਜ਼ਿਟ ਪੋਲ ਉੱਪਰ ਪੱਕੇ ਤੌਰ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਉੱਪਰ ਕੋਈ ਵੀ ਵਿਸ਼ਵਾਸ ਨਹੀਂ ਕਰਦਾ। ਸ. ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਹਰ ਉਸ ਗਤੀਵਿਧੀ ‘ਤੇ ਨਿਗ੍ਹਾ ਰੱਖਣੀ ਚਾਹੀਦੀ ਹੈ ਜਿਸ ਨਾਲ ਵੋਟਰ ਪ੍ਰਭਾਵਤ ਹੁੰਦੇ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਰਕਾਰਾਂ ਲੋਕਾਂ ਦੇ ਪੈਸੇ ਦੀ ਵਰਤੋਂ ਨਾਲ ਓਪੀਨੀਅਨ ਪੋਲ ਕਰਵਾਉਂਦੀਆਂ ਹਨ।ਪ੍ਰੈੱਸ ਕਾਨਫਰੰਸ ਦੌਰਾਨ ਸਰਦਾਰ ਬਾਦਲ ਨੇ ਐਗਜ਼ਿਟ ਪੋਲਾਂ ਸੰਬੰਧੀ ਜੰਮ ਕੇ ਭੜਾਸ ਕੱਢੀ। ਜ਼ਿਕਰਯੋਗ ਹੈ ਕਿ ਯੂ ਪੀ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਤੋਂ ਤੁਰੰਤ ਬਾਅਦ ਆਏ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ ਆਮ ਆਦਮੀ ਪਾਰਟੀ ਆਪਣੇ ਬਲਬੂਤੇ ‘ਤੇ ਸਰਕਾਰ ਬਣਾ ਰਹੀ ਦੱਸੀ ਜਾ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੇ ਨੰਬਰ ‘ਤੇ ਦੱਸਿਆ ਜਾ ਰਿਹਾ ਹੈ। ਇਨ੍ਹਾਂ ਐਗਜ਼ਿਟ ਪੋਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਡਾਹਢਾ ਤਕਲੀਫ਼ ਹੋਈ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵੀ ਬੀਤੇ ਕੱਲ੍ਹ ਬਿਆਨ ਦਿੱਤਾ ਸੀ। ਭਾਵੇਂ ਕਿ ਇਹ ਈਵੀਐਮ ਮਸ਼ੀਨਾਂ ਖੁੱਲ੍ਹਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੰਜਾਬ ‘ਚ ਇਸ ਵਾਰ ਕਿਸ ਪਾਰਟੀ ਦੀ ਝੋਲੀ ‘ਚ ਕਿੰਨੇ ਕੁ ਦਾਣੇ ਵੋਟਰਾਂ ਨੇ ਪਾਏ ਹਨ ਪਰੰਤੂ ਐਗਜ਼ਿਟ ਪੋਲਾਂ ਦੇ ਅੰਕੜਿਆਂ ਨੇ ਕਈ ਵੱਡੇ ਵੱਡੇ ਆਗੂਆਂ ਨੂੰ ਤ੍ਰੇਲੀਆਂ ਲਿਆ ਦਿੱਤੀਆਂ ਹਨ।