ਬਰਨਾਲਾ10 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਦੇ ਦੋ ਕੌਂਸਲਰਾਂ ਨੇ ਕਾਂਗਰਸ ਦਾ “ਪੰਜਾ” ਛੱਡ ਕੇ ਆਮ ਆਦਮੀ ਪਾਰਟੀ ਦਾ “ਝਾੜੂ” ਚੁੱਕ ਲਿਆ। ਬਰਨਾਲਾ ਦੇ ਵਾਰਡ ਨੰਬਰ 4 ਦੇ ਮੌਜੂਦਾ ਕਾਂਗਰਸੀ ਕੌਂਸਲਰ ਧਰਮਿੰਦਰ ਸਿੰਘ ਸ਼ੰਟੀ ਅਤੇ ਵਾਰਡ ਨੰਬਰ 2 ਦੇ ਕੌਂਸਲਰ ਬਲਵੀਰ ਸਿੰਘ ਲੱਕੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਕੌਂਸਲਰ ਧਰਮਿੰਦਰ ਸ਼ੰਟੀ ਅਤੇ ਲੱਕੀ ਨੇ ਸਿੱਖਿਆ ਮੰਤਰੀ ਮੀਤ ਹੇਅਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਗੱਲ ਕਹੀ। ਕਾਂਗਰਸ ਦੇ ਦੋ ਪੱਕੇ ਕੌਂਸਲਰਾਂ ਦੀ ਇਸ ਸਿਆਸੀ ਟਪੂਸੀ ਨੂੰ ਆਮ ਆਦਮੀ ਪਾਰਟੀ ਦੇ “ਨਗਰ ਕੌਂਸਲ ਦੀ ਕੁਰਸੀ ਦੇ ਮਿਸ਼ਨ” ਵਜੋਂ ਵੀ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਦੀ 31 ਮੈਂਬਰੀ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੇ ਦੋ ਕੌਂਸਲਰ ਹਨ । ਸੂਬੇ ‘ਚ ਸਰਕਾਰ ਬਣਨ ਤੋਂ ਬਾਅਦ ਸਿਆਸੀ ਤਬਦੀਲੀ ਦੇ ਪ੍ਰਭਾਵ ਹੇਠ ਜਿੱਥੇ ਪੰਜਾਬ ‘ਚ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਮਲਾਈਦਾਰ ਅਹੁਦਿਆਂ ‘ਤੇ ਆਪਣੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਉੱਥੇ ਬਰਨਾਲਾ ‘ਚ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਸੰਬੰਧੀ ਸੁਪਨੇ ਨੇ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਯੂਥ ਆਗੂ ਇਸ਼ਵਿੰਦਰ ਸਿੰਘ ਜੰਡੂ, ਰੁਪਿੰਦਰ ਸਿੰਘ ਬੰਟੀ ਐਮਸੀ, ਮਲਕੀਤ ਸਿੰਘ ਐੱਮਸੀ, ਸੰਦੀਪ ਸਿੰਘ ਸੇਖੋਂ, ਰਾਮ ਤੀਰਥ ਸਿੰਘ ਮੰਨਾ, ਪਰਮਿੰਦਰ ਸਿੰਘ ਭੰਗੂ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਹਾਜ਼ਰ ਸਨ।