ਬਰਨਾਲਾ,07 ਮਈ (ਨਿਰਮਲ ਸਿੰਘ ਪੰਡੋਰੀ) :
ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਆਏ ਦਿਨ ਨਵੀਆਂ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ। ਪਿਛਲੀਆਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਦੀ ਅਣਦੇਖੀ ਕਾਰਨ ਅੱਕ ਕੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ’ਚ ਡਟ ਕੇ ਸਮਰਥਨ ਦੇਣ ਵਾਲੇ ਸਰਕਾਰੀ ਮੁਲਾਜ਼ਮ ਜਿੱਥੇ ਇੱਕ ਪਾਸੇ ਹੁਣ ਸਰਕਾਰ ਖ਼ਿਲਾਫ਼ ਝੰਡਾ ਚੁੱਕਣ ਦੇ ਰੌਅ ’ਚ ਹਨ ਉੱਥੇ ਦੂਜੇੇ ਪਾਸੇ ਪ੍ਰਾਈਵੇਟ ਖੇਤਰ ’ਚ ਵੀ ਸਰਕਾਰ ਖ਼ਿਲਾਫ਼ ਬਗਾਵਤ ਦੀਆਂ ਸੁਰਾਂ ਉੱਠਣ ਲੱਗੀਆਂ ਹਨ। ਹੁਣ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਆਯੂਸ਼ਮਾਨ ਸਕੀਮ ਤਹਿਤ ਲਾਭਪਾਤਰੀਆਂ ਦਾ ਇਲਾਜ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਪ੍ਰਾਈਵੇਟ ਡਾਕਟਰਾਂ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਤੱਥਗੁਰੂ ਨੇ ਦੱਸਿਆ ਕਿ ਜੇਕਰ 9 ਮਈ ਤੱਕ ਸਰਕਾਰ ਨੇ ਬਕਾਇਆ ਕਲੇਮ ਦੀ ਰਕਮ ਉਕਤ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਨੂੰ ਜਾਰੀ ਨਹੀਂ ਕੀਤੀ ਤਾਂ 9 ਮਈ ਤੋਂ ਸੂਬੇ ਦੇ ਸਾਰੇ ਹਸਪਤਾਲਾਂ ’ਚ ਉਕਤ ਸਕੀਮ ਅਧੀਨ ਇਲਾਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 5 ਮਹੀਨਿਆਂ ਤੋਂ ਉਕਤ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਦਾ ਕਲੇਮ ਸਰਕਾਰ ਨਹੀਂ ਦੇ ਰਹੀ। ਇਨਾਂ ਹਸਪਤਾਲਾਂ ਨੂੰ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਬਾਲ ਰੋਗ, ਕਾਰਡੀਓਲੋਜੀ, ਓਨਕੋਲੋਜੀ ਅਤੇ ਯੂੁਰੋਲੋਜੀ ਆਦਿ ਦੇ ਇਲਾਜ ਸਰਕਾਰੀ ਖੇਤਰ ਵਿੱਚ ਉਪਲਬੱਧ ਨਹੀਂ ਹਨ। ਜਿਸ ਕਾਰਨ ਉਕਤ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਨੂੰ ਜ਼ਿਆਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ (ਆਈਐਮਏ) ਦਾ ਹਰ ਕਦਮ ਸੂਬੇ ਦੇ ਲੋਕਾਂ ਦੀ ਭਲਾਈ ਲਈ ਹੈ ਸਰਕਾਰਾਂ ਵੱਲੋਂ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਆਯੂਸ਼ਮਾਨ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਵੱਲੋਂ ਸੇਵਾਵਾਂ ਦੇਣੀਆਂ ਅਸੰਭਵ ਹਨ। ਉਨ੍ਹਾਂ ਕਿਹਾ ਕਿ ਉਕਤ ਸਕੀਮ ਤਹਿਤ ਕੰਮ ਕਰ ਰਹੇ ਹਸਪਤਾਲਾਂ ਨੂੰ ਕਲੇਮ ਦੀ ਰਕਮ ਦਾ 80ਫ਼ੀਸਦੀ ਭੁਗਤਾਨ ਹੋਣ ਤੋਂ ਬਾਅਦ ਆਯੂਸ਼ਮਾਨ ਸਕੀਮ ਤਹਿਤ ਇਲਾਜ ਸ਼ੁਰੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ ’ਚ 700 ਹਸਪਤਾਲ ਆਯੂਸ਼ਮਾਨ ਸਕੀਮ ਤਹਿਤ ਸੂਚੀਬੱਧ ਹਨ ਜੇਕਰ ਸਰਕਾਰ ਲੰਮੇ ਸਮੇਂ ਤੱਕ ਇਨਾਂ ਦੇ ਕਲੇਮ ਦੀ ਰਕਮ ਰੋਕੀ ਰੱਖਦੀ ਹੈ ਤਾਂ ਸਿਹਤ ਸੇਵਾਵਾਂ ਵਿਗੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਬਹੁਤੀਆਂ ਬਿਮਾਰੀਆਂ ਦਾ ਇਲਾਜ ਉਪਲਬੱਧ ਨਹੀਂ ਹੈ।