ਬਰਨਾਲਾ , 22 ਅਗਸਤ (ਨਿਰਮਲ ਸਿੰਘ ਪੰਡੋਰੀ) :
ਸਾਹਿਤ ਦਾ ਮੱਕਾ ਕਹੇ ਜਾਂਦੇ ਬਰਨਾਲਾ ਵਿਖੇ ਪੰਜਾਬੀ ਭਵਨ ਬਣਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਪੰਜਾਬੀ ਸਾਹਿਤ ਸਭਾ ਰਜਿ. ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸ਼ਹਿਰ ਅੰਦਰ ਉੱਚਿਤ ਜਗਾ ’ਤੇ ਸਾਹਿਤਕਾਰਾਂ ਲਈ ਪੰਜਾਬੀ ਭਵਨ ਬਣਾਉਣ ਲਈ ਅਪੀਲ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਕਾਰਜਕਾਰੀ ਜਨਰਲ ਸਕੱਤਰ ਤੇਜਿੰਦਰ ਚੰਡਿਹੋਕ ਨੇ ਕਿਹਾ ਕਿ ਬਰਨਾਲਾ ’ਚ ਸਾਹਿਕਕਾਰਾਂ ਦੇ ਇਕੱਠੇ ਹੋਣ ਲਈ, ਸਾਹਿਤ ਸਮਾਗਮ ਕਰਵਾਉਣ ਲਈ ਕੋਈ ਜਗਾ ਨਹੀਂ ਹੈ। ਸਾਹਿਤਕਾਰਾਂ ਨੂੰ ਦਰ-ਦਰ ਭਟਕਣ ਵਾਂਗ ਆਪਣੇ ਸਮਾਗਮ ਕਰਵਾਉਣ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਐਸਡੀਐਮ ਗੋਪਾਲ ਸਿੰਘ ਨੂੰ ਉਕਤ ਮੰਗ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਹੁਣ ਫੇਰ ਐਸਡੀਐਮ ਨੂੰ ਮਿਲ ਕੇ ਪੰਜਾਬੀ ਭਵਨ ਬਣਾਉਣ ਦੀ ਮੰਗ ਨੂੰ ਦੁਰਹਾਇਆ ਗਿਆ ਹੈ। ਐਸਡੀਐਮ ਗੋਪਾਲ ਸਿੰਘ ਨੇ ਸਾਹਿਤਕਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬੀ ਭਵਨ ਬਣਾਉਣ ਦੀ ਮੰਗ ਪੂਰੀ ਕੀਤੀ ਜਾਵੇਗੀ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਰਨਾਲਾ ਦੇ ਲੇਖਕਾਂ ਨੇ ਪਿਛਲੇ ਕਈ ਸਾਲਾਂ ਤੋਂ ਸਮੇਂ-ਸਮੇਂ ’ਤੇ ਸੱਤਾ ’ਤੇ ਕਾਬਜ਼ ਰਹੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਹਿਰ ਅੰਦਰ ਪੰਜਾਬੀ ਭਵਨ ਬਣਾਉਣ ਸੰਬੰਧੀ ਮੰਗ ਪੱਤਰ ਦਿੱਤੇ ਪ੍ਰੰਤੂ ਸਿਆਸੀ ਆਗੂਆਂ ਨੇ ਲੇਖਕਾਂ ਨੂੰ ਹੁਣ ਤੱਕ ‘ਲੌਲੀਪੌਪ’ ਹੀ ਦਿੱਤੇ ਹਨ। ਬਰਨਾਲਾ ਦੇ ਮੌਜੂਦਾ ਐਸਡੀਐਮ ਸਾਹਿਤ ਪ੍ਰਤੀ ਲਗਾਅ ਰੱਖਦੇ ਹਨ, ਲੇਖਕਾਂ ਨੂੰ ਕੁਝ ਉਮੀਦ ਜਾਗੀ ਹੈ ਕਿ ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਵੇਗਾ। ਇਸ ਮੌਕੇ ਸਲਾਹਕਾਰ ਭੁਪਿੰਦਰ ਸਿੰਘ ਬੇਦੀ, ਸ਼ਾਇਰ ਤਰਸੇਮ, ਡਾ. ਸੰਪਰੂਨ ਸਿੰਘ ਟੱਲੇਵਾਲੀਆ, ਜੰਗੀਰ ਸਿੰਘ ਦਿਲਬਰ, ਤੇਜਾ ਸਿੰਘ ਤਿਲਕ, ਰਘਵੀਰ ਸਿੰਘ ਕੱਟੂ, ਮਲਕੀਤ ਸਿੰਘ ਗਿੱਲ, ਲਖਵੀਰ ਸਿੰਘ ਦਿਹੜ ਵੀ ਹਾਜ਼ਰ ਸਨ ।