Gee 98News

ਕੌਂਸਲਰ ਪੰਡੋਰੀ ਬਣਿਆ ‘ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ’ ਦੀ ਮਿਸਾਲ

ਧਰਤੀ ਤੋਂ 8 ਫੁੱਟ ਉੱਚੇ ਕੰਧਾਂ ‘ਤੇ ਲਗਾ ਦਿੱਤੇ ਸੂਚਕ ਬੋਰਡ

ਬਰਨਾਲਾ 15 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਸ਼ਹਿਰ ਦੇ ਇਕ ਕੌਂਸਲਰ ਵੱਲੋਂ ਗਲੀਆਂ ਦੇ ਸੂਚਕ ਬੋਰਡ ਲਗਾਉਣ ਲਈ ਵਰਤੀ ਗਈ ਤਕਨੀਕ ਦੀ ਸ਼ਹਿਰ ਵਿਚ ਖ਼ੂਬ ਚਰਚਾ ਹੋ ਰਹੀ ਹੈ। ਵਾਰਡ ਨੰਬਰ 20 ਦੇ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਆਪਣੇ ਵਾਰਡ ਵਿਚ ਪਹਿਲਾਂ ਮਿਉਂਸੀਪਲ ਕਮੇਟੀ ਨੂੰ ਸੂਚਕ ਬੋਰਡ ਨਵੀਂ ਤਕਨੀਕ ਨਾਲ ਲਗਾਉਣ ਲਈ ਕਿਹਾ ਪ੍ਰੰਤੂ ਨਗਰ ਕੌਂਸਲ ਦੀ ਚੁੱਪ ਤੋਂ ਬਾਅਦ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਸੂਚਕ ਬੋਰਡ ਨਵੀਂ ਤਕਨੀਕ ਨਾਲ ਲਗਾਉਣ ਲਈ ਆਪ ਹੀ ਬੀੜਾ ਚੁੱਕਿਆ। ਕੌਂਸਲਰ ਪੰਡੋਰੀ ਨੇ ਆਪਣੇ ਵਾਰਡ ਵਿੱਚ ਲੱਗਣ ਵਾਲੇ ਸੂਚਕ ਬੋਰਡ ਧਰਤੀ ‘ਤੇ ਲਗਾਉਣ ਦੀ ਬਜਾਏ ਯੋਗ ਥਾਵਾਂ ਉਪਰ ਧਰਤੀ ਤੋਂ ਕਰੀਬ 8 ਫੁੱਟ ਉੱਚੇ ਲਗਾ ਦਿੱਤੇ ਤਾਂ ਜੋ ਇਨ੍ਹਾਂ ਸੂਚਕ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਮਿਉਂਸਪਲ ਕਮੇਟੀ ਵੱਲੋਂ ਸ਼ਹਿਰ ਵਿੱਚ ਗਲੀਆਂ ਦੇ ਕਿਨਾਰਿਆਂ ‘ਤੇ ਸੂਚਕ ਬੋਰਡ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਬਹੁਤੇ ਬੋਰਡ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤੇ ਹਨ । ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਬਹੁਗਿਣਤੀ ਬੋਰਡ ਸ਼ਰਾਰਤੀ ਅਨਸਰਾਂ ਵੱਲੋਂ ਤੋੜੇ ਜਾਣ ਤੋਂ ਬਾਅਦ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਬੋਰਡ ਬਣਾਉਣ ਵਾਲੀ ਫਰਮ ਨਾਲ ਸੰਪਰਕ ਕੀਤਾ ਅਤੇ ਬੋਰਡ ਉੱਚੇ ਕਰਕੇ ਲਗਾ ਦਿੱਤੇ। ਕੌਂਸਲਰ ਪੰਡੋਰੀ ਦੇ ਇਸ ਉਦਮ ਦੀ “ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ” ਵਾਂਗ ਸ਼ਲਾਘਾ ਕਰਦੇ ਹੋਏ ਵਾਰਡ ਵਾਸੀਆਂ ਨੇ ਕੌਂਸਲਰ ਪੰਡੋਰੀ ਦੇ ਹੋਰ ਕੰਮਾਂ ਦੀ ਵੀ ਸ਼ਲਾਘਾ ਕੀਤੀ। ਦੂਜੇ ਪਾਸੇ ਸ਼ਰਾਰਤੀ ਅਨਸਰਾਂ ਵੱਲੋਂ ਸੂਚਕ ਬੋਰਡ ਤੋੜੇ ਜਾਣ ਸਬੰਧੀ ਨਗਰ ਕੌਂਸਲ ਨੇ ਅਜੇ ਤੱਕ ਕੋਈ ਉਚਿਤ ਕਾਰਵਾਈ ਨਹੀਂ ਕੀਤੀ ਜਦ ਕਿ ਹਰ ਗਲੀ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਮਦਦ ਨਾਲ ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ ਪ੍ਰੰਤੂ ਨਗਰ ਕੌਂਸਲ ਬਰਨਾਲਾ ਵਿੱਚ ਅੱਜਕੱਲ੍ਹ ਵਿਕਾਸ ਅਤੇ ਹੋਰ ਕੰਮਾਂ ਵੱਲ ਧਿਆਨ ਦੇਣ ਦੀ ਬਜਾਏ ਪ੍ਰਧਾਨਗੀ ਦਾ ਤਖਤ ਬਚਾਉਣ ਅਤੇ ਹਥਿਆਉਣ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਨਗਰ ਕੌਂਸਲ ਦੇ ਪ੍ਰਧਾਨ ਆਪਣਾ ਤਖ਼ਤ ਬਚਾਉਣ ਵਿੱਚ ਲੱਗੇ ਹੋਏ ਹਨ ਜਦ ਕਿ ਸੱਤਾਧਾਰੀ ਹਿਲਾਉਣ ‘ਚ ਲੱਗੇ ਹੋਏ ਹਨ। ਇਹਨਾਂ ਹਲਾਤਾਂ ਵਿੱਚ ਲੋਕਾਂ ਨੂੰ ਕੌਂਸਲਰ ਜਗਰਾਜ ਪੰਡੋਰੀ ਵਾਂਗ ਆਪਣੀਆਂ ਮੀਢੀਆਂ ਆਪ ਹੀ ਗੁੰਦਣੀਆਂ ਪੈ ਰਹੀਆਂ ਹਨ।

Gee98 Ads
error: Content is protected !!