Gee 98News

ਪੰਜਾਬ ਦੇ ਗਵਰਨਰ ਨੂੰ ਮਿਲੀ ‌AIG ਆਸ਼ੀਸ਼ ਕਪੂਰ ‘ਤੇ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਮਹਿਲਾ

ਚੰਡੀਗੜ੍ਹ -ਪੰਜਾਬ ਪੁਲਿਸ ਦੇ ਇਕ ਆਈਜੀ ਆਸ਼ੀਸ਼ ਕਪੂਰ ਉਤੇ ਪੁਲਿਸ ਹਿਰਾਸਤ ਵਿੱਚ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਮਹਿਲਾ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ । ਜ਼ਿਕਰਯੋਗ ਹੈ ਕਿ ਉਕਤ ਮਾਮਲੇ ਵਿਚ ਪੀੜਤ ਮਹਿਲਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਯੋਗ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੂੰ ਈਮੇਲ ਭੇਜੀ ਸੀ, ਜਿਸ ਤੋਂ ਬਾਅਦ ਸੂਬੇ ਦੇ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਇੱਕ ਪੱਤਰ ਵੀ ਲਿਖਿਆ ਸੀ ।‌ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਰਾਜਪਾਲ ਨੇ ਪੀੜਤ ਮਹਿਲਾ ਨੂੰ ਮੁਲਾਕਾਤ ਲਈ ਬੁਲਾਇਆ । ਸੂਤਰਾਂ ਅਨੁਸਾਰ ਪੀੜਤ ਮਹਿਲਾ ਨੇ ਪੰਜਾਬ ਦੇ ਰਾਜਪਾਲ ਨੂੰ ਦੱਸਿਆ ਕਿ ਏਆਈਜੀ ਕਪੂਰ ਨੇ ਉਸ ਨਾਲ ਪਹਿਲੀ ਵਾਰ ਜ਼ਬਰਦਸਤੀ ਸੰਬੰਧ ਬਣਾਏ, ਉਸ ਤੋਂ ਬਾਅਦ ਉਨ੍ਹਾਂ ਦੇ ਸਬੰਧ ਬਣੇ ਰਹੇ ਪਰੰਤੂ ਜਦ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ । ਮਹਿਲਾ ਨੇ ਗਵਰਨਰ ਨੂੰ ਇਹ ਵੀ ਦੱਸਿਆ ਕਿ ਆਸ਼ੀਸ਼ ਕਪੂਰ ਨੇ ਇਕ ਵਾਰ ਉਸਦੇ ਘਰ ਦਸ ਕਰੋੜ ਰੁਪਏ ਵੀ ਰੱਖੇ ਸਨ । ਜ਼ਿਕਰਯੋਗ ਹੈ ਕਿ ਪੁਲਿਸ ਅਫਸਰ ਆਸ਼ੀਸ਼ ਕਪੂਰ ਨੂੰ ਪਹਿਲਾਂ ਹੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਹੁਣ ਜੇਲ੍ਹ ਵਿੱਚ ਬੰਦ ਹੈ ।‌ ਦੱਸਣਯੋਗ ਹੈ ਕਿ ਆਸ਼ੀਸ਼ ਕਪੂਰ ਬਤੌਰ ਐਸਪੀ ਪੰਜਾਬ ਸੂਬੇ ਵਿੱਚ ਹੋਏ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ ।

error: Content is protected !!