Gee 98News

ਬੱਚਾ ਖੇਤ ‘ਚੋਂ ਪਤੰਗ ਚੁੱਕਣ ਗਿਆ ਤਾਂ ਖੇਤ ਦੇ ਮਾਲਕ ਨੇ ਕੁੱਟ-ਕੁੱਟ ਕੇ ਬਾਂਹ ਤੋੜ ਦਿੱਤੀ

ਬਰਨਾਲਾ 02 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮੋਰਾਂਵਾਲੀ ਵਿਖੇ ਇੱਕ ਹੰਕਾਰੀ ਵਿਅਕਤੀ ਵੱਲੋਂ ਦਲਿਤ ਵਰਗ ਦੇ ਇਕ ਮਾਸੂਮ ਬੱਚੇ ਉੱਪਰ ਕੀਤੇ ਅੰਨ੍ਹੇਵਾਹ ਤਸ਼ੱਦਦ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ । ਇਸ ਸਬੰਧੀ ਗੱਲਬਾਤ ਕਰਦੇ ਹੋਏ ਬਰਨਾਲਾ ਦੇ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਮੋਰਾਂਵਾਲੀ ਵਿਖੇ ਇੱਕ ਬੱਚੇ ਦੀ ਪਤੰਗ ਕਿਸੇ ਦੇ ਖੇਤ ਵਿੱਚ ਡਿੱਗ ਪਈ, ਉਹ ਬੱਚਾ ਜਦ ਪਤੰਗ ਚੁੱਕਣ ਗਿਆ ਖੇਤ ਦੇ ਮਾਲਕ ਨੇ ਸੋਟੀ ਨਾਲ ਉਸ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ । ਉਨ੍ਹਾਂ ਦੱਸਿਆ ਕਿ ਹੰਕਾਰੀ ਵਿਅਕਤੀ, ਬੱਚੇ ਦੇ ਮਾਂ-ਬਾਪ ਵੱਲੋਂ ਹਟਾਉਣ ‘ਤੇ ਵੀ ਨਹੀਂ ਹਟਿਆ ਤੇ ਉਸਨੇ ਕੁੱਟ-ਕੁੱਟ ਕੇ ਬੱਚੇ ਦੀ ਬਾਂਹ ਤੋੜ ਦਿੱਤੀ । ਕਾਮਰੇਡ ਰਾਮਗੜ੍ਹ ਦੇ ਦੱਸਣ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਹੰਕਾਰੀ ਵਿਅਕਤੀ ਨੇ ਪਹਿਲਾਂ ਵੀ ਕਈ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਹੈ । ਉਨ੍ਹਾਂ ਮੰਗ ਕੀਤੀ ਕਿ ਮਾਸੂਮ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਇਸ ਵਿਅਕਤੀ ਖ਼ਿਲਾਫ਼ ਐਸਸੀ/ਐਸਟੀ ਅਤੇ ਬਾਲ ਅੱਤਿਆਚਾਰ ਰੋਕੂ ਐਕਟ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸ਼ਿੰਗਾਰਾ ਸਿੰਘ ਚੁਹਾਣਕੇ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ‘ਆਪ’ ਦੀ ਸਰਕਾਰ ਹੋਂਦ ਵਿਚ ਆਈ ਤਾਂ ਉਸ ਸਮੇਂ ਤੋਂ ਦਲਿਤਾਂ ਉੱਪਰ ਅੱਤਿਆਚਾਰ ਵਧੇ ਹਨ । ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਦਲਿਤਾਂ ‘ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕੇ, ਨਹੀਂ ਤਾਂ ਮੋਰਚਾ ਸੰਘਰਸ਼ ਕਰੇਗਾ।

error: Content is protected !!