-ਚੰਡੀਗੜ੍ਹ ਦੇ ਐਸਐਸਪੀ ਹੋਣ ਸਮੇਂ ਲੱਗੇ ਸਨ ਦੋਸ਼
-ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ‘ਤੇ ਸਵਾਲ
ਬਰਨਾਲਾ 02 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੇ ਇਕ IPS ਅਫ਼ਸਰ ਖ਼ਿਲਾਫ਼ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸੀਬੀਆਈ ਨੇ ਜਲੰਧਰ ਦੇ ਮੌਜੂਦਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦੇ ਮਾਮਲਿਆਂ ਸਬੰਧੀ ਜਾਂਚ ਸ਼ੁਰੂ ਕੀਤੀ ਹੈ । ਦੱਸ ਦਈਏ ਕਿ ਚੰਡੀਗੜ੍ਹ ਦੇ ਐਸਐਸਪੀ ਹੁੰਦੇ ਹੋਏ ਸ੍ਰੀ ਚਾਹਲ ‘ਤੇ ਇਹ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਐਸ ਐਸ ਪੀ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ । ਕੁਲਦੀਪ ਸਿੰਘ ਚਾਹਲ ਨੇ 29 ਸਤੰਬਰ 2020 ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਤੌਰ ‘ਤੇ ਕਾਰਜਭਾਰ ਸੰਭਾਲਿਆ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਪੁਰੋਹਿਤ ਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਦੁਰਵਿਹਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ । 28 ਨਵੰਬਰ 2022 ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਦਫ਼ਤਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਸ੍ਰੀ ਚਾਹਲ ਨੂੰ ਐਸਐਸਪੀ ਦੇ ਅਹੁਦੇ ਤੋਂ ਹਟਾਉਣ ਸਬੰਧੀ ਪਹਿਲੀ ਵਾਰ ਗੱਲ ਕੀਤੀ ਗਈ ਸੀ ਅਤੇ 12 ਦਸੰਬਰ 2022 ਨੂੰ ਪ੍ਰਸ਼ਾਸਕ ਨੇ ਸ੍ਰੀ ਚਾਹਲ ਨੂੰ ਅਹੁਦਾ ਛੱਡਣ ਲਈ ਆਖ ਦਿੱਤਾ ਸੀ । ਚੰਡੀਗੜ੍ਹ ਤੋਂ ਵਾਪਸ ਪੰਜਾਬ ਆਉਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਸਰਕਾਰ ਨੇ ਸ੍ਰੀ ਚਾਹਲ ਦੀ ਕਿਧਰੇ ਨਿਯੁਕਤੀ ਨਹੀਂ ਕੀਤੀ ਪ੍ਰੰਤੂ ਫੇਰ ਉਨ੍ਹਾਂ ਨੂੰ DIG ਰੈਂਕ ਦੇ ਤਹਿਤ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ। ਸੀਬੀਆਈ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਹੀ ਆਈਪੀਐਸ ਚਾਹਲ ਖਿਲਾਫ਼ ਜਾਂਚ ਸ਼ੁਰੂ ਕੀਤੀ ਹੈ ।

ਪੰਜਾਬ ਦੇ ਇਕ ਪੁਲਿਸ ਕਮਿਸ਼ਨਰ ਦੇ ਖਿਲਾਫ ਸੀਬੀਆਈ ਵੱਲੋਂ ਜਾਂਚ ਸ਼ੁਰੂ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਉਪਰ ਵੀ ਸਵਾਲ ਉੱਠਣੇ ਸੁਭਾਵਿਕ ਹਨ ਕਿ ਚੰਡੀਗੜ੍ਹ ਦੇ ਐਸਐਸਪੀ ਹੁੰਦੇ ਹੋਏ, ਉਥੋਂ ਦੇ ਪ੍ਰਸ਼ਾਸਕ ਨੇ ਜਦ ਸ੍ਰੀ ਚਾਹਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਹੁਦਾ ਛੱਡਣ ਲਈ ਕਿਹਾ ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਕ ਬਹੁਤ ਹੀ ਮਹੱਤਵਪੂਰਨ ਅਹੁਦੇ ਉੱਪਰ ਨਿਯੁਕਤ ਕਰ ਦਿੱਤਾ । ਪ੍ਰਸ਼ਾਸਨਿਕ ਮਾਹਿਰਾਂ ਦਾ ਮੰਨਣਾ ਹੈ ਕਿ ਜਦ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕਿਸੇ ਅਫ਼ਸਰ ਨੂੰ ਗੰਭੀਰ ਦੋਸ਼ਾਂ ਤਹਿਤ ਅਹੁਦੇ ਤੋਂ ਹਟਾਇਆ ਤਾਂ ਪੰਜਾਬ ਸਰਕਾਰ ਨੂੰ ਅਜਿਹੇ ਅਫ਼ਸਰ ਨੂੰ ਮਹੱਤਵਪੂਰਨ ਅਹਦੇ ਉੱਪਰ ਨਿਯੁਕਤ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਹੀ ਪੰਜਾਬ ਦੇ ਰਾਜਪਾਲ ਵੀ ਹਨ । ਸ੍ਰੀ ਕੁਲਦੀਪ ਸਿੰਘ ਚਾਹਲ ਦੇ ਜਲੰਧਰ ਦਾ ਪੁਲਿਸ ਕਮਿਸ਼ਨਰ ਲੱਗਣ ਤੋਂ ਬਾਅਦ ਦਿਲਚਸਪ ਤੱਥ ਇਹ ਵੀ ਹਨ ਕਿ ਜਦ ਪੰਜਾਬ ਦੇ ਰਾਜਪਾਲ ਸ੍ਰੀ ਬੀਐਲ ਪੁਰੋਹਿਤ ਗਣਤੰਤਰ ਦਿਵਸ ਮੌਕੇ ਬਤੌਰ ਮੁੱਖ ਮਹਿਮਾਨ ਜਲੰਧਰ ਪੁੱਜੇ ਸਨ ਤਾਂ ਸ੍ਰੀ ਚਾਹਲ ਨੇ ਪਹਿਲਾਂ ਹੀ ਦੋ ਦਿਨ ਦੀ ਛੁੱਟੀ ਲੈ ਲਈ ਸੀ ਅਤੇ ਉਹ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਸਨ । ਬਤੌਰ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਪੁਰੋਹਿਤ ਨੇ ਕੁਲਦੀਪ ਸਿੰਘ ਚਾਹਲ ਨੂੰ ਐਸ ਐਸ ਪੀ ਦੇ ਅਹੁਦੇ ਤੋਂ ਰਿਲੀਵ ਕਰਨ ਲਈ ਕਿਹਾ ਸੀ ਤਾਂ ਪੰਜਾਬ ਸਰਕਾਰ ਨੂੰ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗਾ ਨਹੀਂ ਲੱਗਿਆ ਸੀ ਅਤੇ ਇਸ ਦੀ ਚਰਚਾ ਵੀ ਬਹੁਤ ਹੋਈ ਸੀ ਪ੍ਰੰਤੂ ਹੁਣ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਚਾਹਲ ਨੂੰ ਪੁਲਿਸ ਕਮਿਸ਼ਨਰ ਨਿਯੁਕਤ ਕਰਨ ਤੋਂ ਬਾਅਦ ਸੀਬੀਆਈ ਨੇ ਉਸ ਦੇ ਆਲੇ-ਦੁਆਲੇ ਸ਼ਿਕੰਜਾ ਕੱਸ ਦਿੱਤਾ ਹੈ ਤਾਂ ਮੁੱਖ ਮੰਤਰੀ ਮਾਨ ਦੀ ਕਾਰਜਸ਼ੈਲੀ ਉਪਰ ਵੀ ਸਵਾਲ ਉੱਠਣੇ ਸੁਭਾਵਿਕ ਹਨ ਕਿਉਂਕਿ ਪੰਜਾਬ ਦਾ ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਕੋਲ ਹੀ ਹੈ।