Gee 98News

ਸੇਵਾ ਮੁਕਤੀ ਦੀ ਉਮਰ ਘਟਾਉਣ ਦੇ ਵਿਰੋਧ ਵਿਚ ਕਾਲਜ ਅਧਿਆਪਕਾਂ ਦਾ ਧਰਨਾ

ਬਰਨਾਲਾ 04 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਐੱਸ ਡੀ ਕਾਲਜ ਦੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਦੇ ਸੱਦੇ ’ਤੇ ਕਾਲਜ ਗੇਟ ਦੇ ਬਾਹਰ ਲੱਗੇ ਇਸ ਦੋ ਘੰਟੇ ਦੇ ਧਰਨੇ ਵਿਚ ਬੁਲਾਰਿਆਂ ਨੇ ਉੱਚ ਸਿੱਖਿਆ ਵਿਭਾਗ ਵੱਲੋਂ ਗੈਰ ਸਰਕਾਰੀ ਕਾਲਜਾਂ ’ਚ ਕੰਮ ਕਰਦੇ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ 60 ਤੋਂ ਘਟਾ ਕੇ 58 ਸਾਲ ਕਰਨ ਦੀ ਨਿਖੇਧੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਕਿਹਾ ਕਿ 28 ਸਤੰਬਰ 2022 ਨੂੰ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਅਧਿਆਪਕਾਂ ਲਈ ਯੂਜੀਸੀ ਦੇ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਸਬੰਧ ਵਿਚ ਇਕ ਨੋਟੀਫ਼ੀਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿਚ ਸਰਕਾਰ ਨੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਕੇ ਆਪਣੇ ਹੀ 44 ਸਾਲ ਪੁਰਾਣੇ ਗ੍ਰਾਂਟ ਇਨ ਏਡ ਐਕਟ 1979 ਨਾਲ ਛੇੜਛਾੜ ਵੀ ਕੀਤੀ ਹੈ। ਕੇਂਦਰੀ ਕਾਰਜਕਾਰਨੀ ਦੇ ਮੈਂਬਰ ਡਾ. ਬਹਾਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਇਸ 7ਵੇਂ ਤਨਖ਼ਾਹ ਕਮਿਸ਼ਨ ਦੇ ਨੋਟੀਫ਼ਿਕੇਸ਼ਨ ਦੀ ਧਾਰਾ 11(ਸੀ) ਅਤੇ ਧਾਰਾ 11(ਈ) ਤਹਿਤ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਅਧਿਆਪਕਾਂ ਦੀਆਂ ਸੇਵਾ ਸ਼ਰਤਾਂ ਪਹਿਲਾਂ ਤੋਂ ਲਾਗੂ ਨਿਯਮਾਂ ਅਨੁਸਾਰ ਹੋਣਗੀਆਂ। ਪਰ ਇਸੇ ਨੋਟੀਫ਼ਿਕੇਸ਼ਨ ਦੀ ਧਾਰਾ 13 (2) ਕਹਿੰਦੀ ਹੈ ਕਿ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ ਪੰਜਾਬ ਸਰਕਾਰ ਦੇ ਕਰਮਚਾਰੀ ਦੀ ਤਰਜ਼ ’ਤੇ ਹੋਵੇਗੀ। ਉਹਨਾਂ ਜਲਦੀ ਤੋਂ ਜਲਦੀ ਸੇਵਾ ਮੁਕਤੀ ਦੀ ਉਮਰ ਫਿਰ ਤੋਂ 60 ਸਾਲ ਕਰਨ ਦੀ ਅਪੀਲ ਕੀਤੀ। ਧਰਨੇ ਨੂੰ ਜ਼ਿਲ੍ਹਾ ਸਕੱਤਰ ਡਾ. ਕਰਮਜੀਤ ਸਿੰਘ, ਯੂਨਿਟ ਪ੍ਰਧਾਨ ਡਾ. ਕੁਲਭੂਸ਼ਣ ਰਾਣਾ ਅਤੇ ਸਕੱਤਰ ਡਾ. ਰੀਤੂ ਅੱਗਰਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।

error: Content is protected !!