Gee 98News

ਬਰਨਾਲਾ 12 ਮਈ ( ਨਿਰਮਲ ਸਿੰਘ ਪੰਡੋਰੀ )-

ਅੰਤਰਰਾਸ਼ਟਰੀ ਨਰਸ ਦਿਵਸ ਜ਼ਿਲ੍ਹਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ ‘ਚ ਸਾਡੀਆਂ ਨਰਸਾਂ, ਸਾਡਾ ਭਵਿੱਖ ਵਿਸ਼ੇ ‘ਤੇ ਮਨਾਇਆ ਜਾ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ। ਡਾ. ਔਲਖ ਨੇ ਦੱਸਿਆ ਕਿ ਸਿਹਤ ਸੇਵਾਵਾਂ ‘ਚ ਨਰਸਾਂ ਮਨੁੱਖਤਾ ਦੀ ਸੇਵਾ ‘ਚ ਨਿਰਸਵਾਰਥ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਦੀਆਂ ਸੇਵਾਵਾਂ ਤੋਂ ਬਿਨਾਂ ਮਰੀਜ਼ ਦੇ ਸੰਪੂਰਨ ਇਲਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਡਾ. ਤਪਿੰਦਰਜੋਤ ਕੌਸ਼ਲ ਐਸ ਐਮ ਓ ਬਰਨਾਲਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਰਸ ਦਿਵਸ ਹਰ ਸਾਲ 12 ਮਈ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਹ ਦਿਨ ਫਲੋਰੈਂਸ ਨਾਈਟਿੰਗੇਲ ਨਾਮ ਦੀ ਨਰਸ ਨੂੰ ਸ਼ਰਧਾਂਜਲੀ ਦੇਣ ਵਜੋਂ ਮਨਾਇਆ ਜਾਂਦਾ ਹੈ, ਜਿਸ ਨੇ ਸਾਲ 1853-1856 ‘ਚ ਕਰੀਮੀਆ ਦੇ ਯੁੱਧ ‘ਚ ਆਪਣੀਆਂ ਸੇਵਾਵਾਂ ਨਿਰਸਵਾਰਥ ਨਿਭਾਉਂਦਿਆਂ ਸੈਨਿਕਾਂ ਦੀਆਂ ਜਾਨਾਂ ਬਚਾਈਆਂ। ਅੰਤਰਰਾਸ਼ਟਰੀ ਨਰਸਿੰਗ ਕੌਂਸਲ ਨੇ 1974 ‘ਚ ਇਸ ਦਿਨ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਪ੍ਰਵਾਨਗੀ ਦਿੱਤੀ। ਡਾ. ਗੁਰਮਿੰਦਰ ਕੌਰ ਔਜਲਾ ਜ਼ਿਲ੍ਹਾ ਡਿਪਟੀ ਮੈਡੀਕਲ ਕਮਿਸਨਰ , ਡਾ. ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮੀਡੀਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ, ਜੋ ਬੱਚੇ ਦੇ ਜਨਮ ਸਮੇਂ ਤੋਂ ਕਿਸੇ ਵੀ ਕਿਸਮ ਦੀ ਬਿਮਾਰੀ, ਕਰੋਨਾ ਕਾਲ ਸਮੇਂ ਅਤੇ ਕਿਸੇ ਵੀ ਐਮਰਜੰਸੀ ਸਮੇਂ ਡਾਕਟਰਾਂ ਵੱਲੋਂ ਸੁਝਾਏ ਇਲਾਜ ਕਰਨ ‘ਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀਆਂ ਹਨ। ਨਰਸਿੰਗ ਸਟਾਫ ਤੋਂ ਬਿਨਾਂ ਹਸਪਤਾਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਸਿਵਲ ਹਸਪਤਾਲ ਬਰਨਾਲਾ ਦੀਆਂ ਨਰਸਿੰਗ ਸਿਸਟਰ, ਸਟਾਫ ਨਰਸ ਅਤੇ ਏ ਐਨ ਐਮ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!