Skip to main content

Gee 98News

ਹਲਕੇ ਦੇ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹਾਂ-ਸਿਮਰਨਜੀਤ ਸਿੰਘ ਮਾਨ

ਬਰਨਾਲਾ 17 ਮਈ (ਨਿਰਮਲ ਸਿੰਘ ਪੰਡੋਰੀ)-

ਲੋਕ ਸਭਾ ਹਲਕਾ ਸੰਗਰੂਰ ਦੇ ਐਮ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਮਹਿਲ ਕਲਾਂ ਵਿਖੇ ਆਡਿਪ/ਐਮ.ਪੀ. ਲੈਂਡ ਯੋਜਨਾ ਤਹਿਤ ਲੋੜਵੰਦਾਂ ਨੂੰ  ਮੁਫ਼ਤ ਮੋਟੋਰਾਇਜਡ ਟ੍ਰਾਈਸਾਈਕਲ, ਸਮਾਰਟ ਫੋਨ, ਨੇਤਰਹੀਣਾਂ ਨੂੰ  ਸਮਾਰਟ ਵਾਕਿੰਗ ਸਟਿੱਕਾਂ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਉਪਕਰਨ ਵੰਡੇ ਗਏ | ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਦਾ ਵੀ ਪੂਰਨ ਸਹਿਯੋਗ ਰਿਹਾ |ਇਸ ਮੌਕੇ ਹਾਜ਼ਰੀਨ ਨੂੰ  ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਬਰਨਾਲਾ ਅਤੇ ਸ਼ਹਿਣਾ ਤੋਂ ਬਾਅਦ ਅੱਜ ਮਹਿਲ ਕਲਾਂ ਦੇ ਲੋੜਵੰਦ ਅਪਾਹਿਜ ਵਿਅਕਤੀਆਂ ਨੂੰ  ਸਹਾਇਕ ਉਪਕਰਨ ਵੰਡੇ ਗਏ ਹਨ, ਤਾਂ ਜੋ ਉਨ੍ਹਾਂ ਨੂੰ  ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੁਝ ਆਸਾਨੀ ਹੋ ਸਕੇ | ਸ. ਮਾਨ ਨੇ ਕਿਹਾ ਕਿ ਉਨ੍ਹਾਂ ਨੂੰ  ਹਲਕਾ ਨਿਵਾਸੀਆਂ ਨੇ ਮੈਂਬਰ ਪਾਰਲੀਮੈਂਟ ਚੁਣ ਕੇ ਜੋ ਜਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ  ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ | ਸ. ਮਾਨ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਵੱਲੋਂ ਸੱਤ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਦੀ ਮੰਗ ਕੀਤੀ ਗਈ ਸੀ, ਜਿਸ ਸੰਬੰਧੀ ਆਰਡਰ ਕਰਵਾਏ ਜਾ ਚੁੱਕੇ ਹਨ,ਜਲਦੀ ਹੀ ਤੁਹਾਡੇ ਪਿੰਡਾਂ ਦੀਆਂ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਵਿਅਕਤੀ ਨੂੰ  ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ, ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਹਰੇਕ ਪਿੰਡ ਅਤੇ ਕਸਬੇ ਵਿੱਚ ਜਾ ਕੇ ਲੋੜਵੰਦ ਲੋਕਾਂ ਨੂੰ  ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇ | ਇਸਦੇ ਲਈ ਪਾਰਟੀ ਵਰਕਰਾਂ ਵੱਲੋਂ ਸਮੇਂ- ਸਮੇਂ ‘ਤੇ ਕੈਂਪ ਲਗਾ ਕੇ ਲੋੜਵੰਦਾਂ ਨੂੰ  ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਲਾਭ ਦਿਵਾਉਣ ਲਈ ਫਾਰਮ ਵੀ ਭਰੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਕੋਵਿਡ ਸਮੇਤ ਹੋਰਨਾਂ ਖਤਰਨਾਕ ਬਿਮਾਰੀਆਂ ਦੀ ਰੋਕਥਾਮ ਲਈ ਬਰਨਾਲਾ ਵਿਖੇ ਇੱਕ ਅਲੱਗ ਤੋਂ ਹਸਪਤਾਲ ਬਣਾਇਆ ਜਾਵੇਗਾ, ਜਿਸਦੀ ਮਨਜ਼ੂਰੀ ਮਿਲ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਗਰੀਬ ਲੋਕਾਂ ਦੀਆਂ ਦਵਾਈਆਂ ਲਈ ਵੀ 54 ਕਰੋੜ ਰੁਪਏ ਆਏ ਹਨ, ਜਿਸ ਸੰਬੰਧੀ ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ  ਕਿਹਾ ਹੈ ਕਿ ਦਵਾਈਆਂ ਚੰਗੀਆਂ ਫਰਮਾਂ ਤੋਂ ਖਰੀਦੀਆਂ ਜਾਣ, ਤਾਂ ਜੋ ਗਰੀਬ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋੜਵੰਦਾਂ ਦੀ ਮਦਦ ਲਈ 12 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਇਸ ਮੌਕੇ ਐਸਡੀਐਮ ਮਹਿਲ ਕਲਾਂ ਸੁਖਪਾਲ ਸਿੰਘ, ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ, ਸੱਕਤਰ ਰੈੱਡ ਕਰਾਸ ਸੋਸਾਇਟੀ ਸਰਵਣ ਸਿੰਘ ਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਪੀਏਸੀ ਮੈਂਬਰ ਗੁਰਜੰਟ ਸਿੰਘ ਭਸੌੜ, ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ, ਪੀਏ ਰਣਦੀਪ ਸਿੰਘ ਸਮੇਤ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |

Gee98 Ads
error: Content is protected !!