ਬਰਨਾਲਾ, 8 ਜੂਨ ( ਨਿਰਮਲ ਸਿੰਘ ਪੰਡੋਰੀ)- ਖੇਤੀਬਾੜੀ ਵਿਭਾਗ ਬਰਨਾਲਾ ਨੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ ਪਰਾਲੀ ਦੀ ਅੱਗ ਲਗਾਉਣ ਵਾਲੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਕੈਲੰਡਰ ਤਿਆਰ ਕੀਤਾ ਹੈ। ਇਹ ਕੈਲੰਡਰ ਰਿਲੀਜ਼ ਕਰਦੇ ਹੋਏ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਇਹ ਕੈਲੰਡਰ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ, ਜਿਸ ਨੂੰ ਦੇਖ ਕੇ ਕਿਸਾਨ ਵੀਰ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਦਾ ਲਾਭ ਉਠਾਉਣਗੇ ਤੇ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਸਹਾਈ ਹੋਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਦੀ ਸੁੱਚਜੀ ਵਰਤੋਂ ਲਈ ਅਗਾਂਓੂ ਪ੍ਰਬੰਧ ਕੀਤੇ ਜਾ ਰਹੇ ਹਨ । ਇਨ੍ਹਾਂ ਉੱਦਮਾ ਤਹਿਤ ਇਹ ਕੈਲੰਡਰ ਤਿਆਰ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦਾ ਸਹੀ ਢੰਗ ਨਾਲ ਮਾਰਗਦਰਸ਼ਨ ਕੀਤਾ ਜਾ ਸਕੇ । ਮੁੱਖ ਖੇਤੀਬਾੜੀ ਅਫਸਰ ਬਰਨਾਲਾ ਦਾ ਜਗਦੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਖੇਤੀਬਾੜੀ ਵਿਭਾਗ ਬਰਨਾਲਾ ਦੁਆਰਾ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਰਾਲੀ ਦੇ ਸੁੱਚਜੇ ਪ੍ਰਬੰਧਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਖੇਤੀਬਾੜੀ ਵਿਭਾਗ ਨੇ ਪਰਾਲੀ ਦੇ ਸੁੱਚਜੇ ਪ੍ਰਬੰਧਲ ਲਈ ਸੋਸ਼ਲ ਅਤੇ ਪ੍ਰਿੰਟ ਮੀਡੀਆ ਰਾਂਹੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਹਾਲੇ ਝੋਨੇ ਦੀ ਬਿਜਾਈ ਸ਼ੁਰੂ ਹੋ ਰਹੀ ਹੈ ਪਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਿੰਨ੍ਹਾ ਵਿੱਚ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਪਰਾਲ ਵੀ ਘੱਟ ਹੋਵੇਗਾ। ਇਸ ਕੈਲੰਡਰ ਰਿਲੀਜ ਮੌਕੇ ਸਮੇਂ ਗੋਪਾਲ ਸਿੰਘ ਐਸਡੀਐਮ ਬਰਨਾਲਾ, ਨਰਿੰਦਰ ਸਿੰਘ ਧਾਲੀਵਾਲ ਐਸਡੀਐਮ ਤਪਾ, ਸਤਵੰਤ ਸਿੰਘ ਐਸਡੀਐਮ ਮਹਿਲਕਲਾਂ, ਜਗਬੀਰ ਕੌਰ ਸਹਾਇਕ ਲੋਕ ਸੰਪਰਕ ਅਫਸਰ, ਸੁਨੀਤਾ ਰਾਣੀ ਕੰਪਿਊਟਰ ਪ੍ਰੋਗਰਾਮਰ ਹਾਜ਼ਰ ਸਨ।







