Skip to main content

Gee 98News

Sunday Special : ਪੰਜਾਬੀ ਦੀ ਪੈਂਤੀ ਦੇ ਚਾਰ “ਮ” ਪੰਜਾਬ ਦੀ ਸੱਤਾ ਤੇ ਕਾਬਜ਼ “ਮ” ਲਈ ਬਣਨਗੇ ਸਿਰਦਰਦੀ

Gee98 news service
ਬਰਨਾਲਾ 2 ਜੁਲਾਈ ( ਨਿਰਮਲ ਸਿੰਘ ਪੰਡੋਰੀ )-
ਪੰਜਾਬ ਦੀ ਖੇਤੀਬਾੜੀ ਨਾਲ ਸਬੰਧਿਤ ਸਮੱਸਿਆਵਾਂ ਪੰਜਾਬ ਸਰਕਾਰ ਲਈ ਪੇਚੀਦਾ ਹਾਲਾਤ ਪੈਦਾ ਕਰਦੀਆਂ ਲੱਗਦੀਆਂ ਹਨ । ਮੱਕੀ ਅਤੇ ਮੂੰਗੀ ਦੀ ਫ਼ਸਲ ਵੇਚਣ ਮੌਕੇ MSP ਦੇ ਵਾਅਦੇ ਵਫ਼ਾ ਨਹੀਂ ਹੋਏ ਜਿਸ ਕਾਰਨ ਕਿਸਾਨ ਜਥੇਬੰਦੀਆਂ ਔਖੀਆਂ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਫਸਲ ਦੇ ਬਦਲਵੇਂ ਪ੍ਰਬੰਧ ਵਜੋਂ ਮੱਕੀ ਅਤੇ ਮੂੰਗੀ ਉੱਪਰ ਸਰਕਾਰ ਵੱਲੋਂ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ, ਮੁੱਖ ਮੰਤਰੀ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਮੱਕੀ ਅਤੇ ਮੁੰਗੀ ਦੀ ਫਸਲ ਮੰਡੀਆਂ ‘ਚ ਘੱਟ ਰੇਟ ‘ਤੇ ਵਿਕਦੀ ਹੈ ਤਾਂ ਬਾਕੀ ਦਾ ਘਾਟਾ ਸਰਕਾਰ ਪੂਰਾ ਕਰੇਗੀ ਪ੍ਰੰਤੂ ਇਹ ਵਾਅਦਾ ਵਫ਼ਾ ਨਹੀਂ ਹੋਇਆ । ਮੰਡੀਆਂ ਵਿੱਚ ਕਿਸਾਨਾਂ ਨੂੰ ਅੱਧੇ ਭਾਅ ‘ਤੇ ਮੱਕੀ ਅਤੇ ਮੂੰਗੀ ਦੀ ਫ਼ਸਲ ਵੇਚਣ ਲਈ ਮਜ਼ਬੂਰ ਹੋਣਾ ਪਿਆ । ਜਾਣਕਾਰੀ ਅਨੁਸਾਰ ਸਰਕਾਰ ਨੇ ਮੱਕੀ ਅਤੇ ਮੂੰਗੀ ਦੀ ਫਸਲ ਵੇਚਣ ਮੌਕੇ ਘਾਟੇ ਨੂੰ ਪੂਰਾ ਕਰਨ ਤੋ ਹੱਥ ਖਿੱਚ ਲਏ ਹਨ । ਪਿਛਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਪ੍ਰਤੀ ਏਕੜ ਦੇਣ ਦਾ ਵਾਅਦਾ ਵੀ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹਿਆ । ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਖ਼ਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਪੂਰੇ ਕਿਸਾਨਾਂ ਤੱਕ ਨਹੀ ਪੁੱਜਿਆ । ਕਿਸਾਨਾਂ ਦਾ ਦੋਸ਼ ਹੈ ਕਿ ਫਸਲ ਖੇਤਾਂ ਵਿੱਚ ਅਤੇ ਮੁਆਵਜ਼ਾ ਖ਼ਾਤੇ ਵਿੱਚ ਵਰਗੀਆਂ ਗੱਲਾਂ ਸ਼ੋਸ਼ੇਬਾਜ਼ੀ ਹੀ ਸਾਬਤ ਹੋਈਆਂ, ਸਿਰਫ ਕੁਝ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾ ਕੇ ਮੁਆਵਜ਼ੇ ਦਾ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ । ਕਿਸਾਨਾਂ ਦਾ ਇਹ ਵੀ ਦੋਸ਼ ਹੈ ਕਿ ਫ਼ਸਲਾਂ ਦਾ ਓਨਾ ਮੁਆਵਜ਼ਾ ਨਹੀਂ ਦਿੱਤਾ ਗਿਆ ਜਿੰਨੀ ਰਕਮ ਇਸ ਦੇ ਪ੍ਰਚਾਰ ‘ਤੇ ਖਰਚ ਕਰ ਦਿੱਤੀ ਗਈ । ਸੂਬੇ ਦੇ ਆਰਥਿਕ ਹਾਲਾਤ ਹਾਥੀ ਦੇ ਦੰਦਾਂ ਵਰਗੇ ਹਨ । ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਵੱਡੇ ਆਰਥਿਕ ਫੈਸਲੇ ਲੈਣ ਮੌਕੇ ਆਪਣੇ ਵਿੱਤ ਮੰਤਰੀ ਨਾਲ ਸਲਾਹ ਕਰਨ ਦੀ ਬਜਾਏ ਦਿੱਲੀ ਦੀ ਸਲਾਹ ‘ਤੇ ਚੱਲ ਰਹੇ ਹਨ । ਪੰਜਾਬ ਦੀਆਂ 30 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਦੀ ਰਣਨੀਤੀ ਤਿਆਰ ਕਰਨ ਲਈ ਮੀਟਿੰਗ ਬੁਲਾਈ ਦੱਸੀ ਗਈ ਜਾਂਦੀ ਹੈ । ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਆਹਮੋ-ਸਾਹਮਣੇ ਹੋਣਗੀਆਂ । ਕਿਸਾਨ ਜਥੇਬੰਦੀਆਂ ਨੂੰ ਜ਼ਿਆਦਾ ਗ਼ਿਲਾ ਭਗਵੰਤ ਮਾਨ ਦੇ ਭਾਸ਼ਣਾਂ ਉਪਰ ਹੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਜ਼ਿਮਨੀ ਚੋਣਾਂ ਦੌਰਾਨ ਵੱਡੇ ਵੱਡੇ ਐਲਾਨ ਕੀਤੇ ਗਏ ਪ੍ਰੰਤੂ ਕਿਸੇ ਵੀ ਐਲਾਨ ਉਪਰ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ ਗਿਆ ਆਪਣੇ ਮੌਜੂਦਾ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਕਿਸਾਨਾਂ ਮਜ਼ਦੂਰਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ । ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਤੇਵਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬੀ ਦੀ ਪੈਂਤੀ ਦੇ ਚਾਰ “ਮ” ਪੰਜਾਬ ਦੀ ਸੱਤਾ ਤੇ ਕਾਬਜ਼ “ਮ” ਲਈ ਸਿਆਸੀ ਸਿਰਦਰਦੀ ਪੈਦਾ ਕਰਨਗੇ ਭਾਵ (ਮੱਕੀ, ਮੂੰਗੀ, ਮੁਆਵਜ਼ਾ ਤੇ ਐਮਐਸਪੀ) “ਮਾਨ” ਲਈ ਵੱਡੇ ਮੁੱਦੇ ਬਣਦੇ ਜਾ ਰਹੇ ਹਨ ।

error: Content is protected !!