ਬਰਨਾਲਾ, 25 ਜੁਲਾਈ (ਨਿਰਮਲ ਸਿੰਘ ਪੰਡੋਰੀ) : ਸ਼ਹਿਰ ਦੀਆਂ ਦੋ ਹੋਣਹਾਰ ਧੀਆਂ ਨੇ ਵਿੱਦਿਆ ਦੇ ਖ਼ੇਤਰ ’ਚ ਮਾਣਮੱਤੀ ਪ੍ਰਾਪਤੀ ਕਰਕੇ ਪਰਿਵਾਰ ਅਤੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਸ੍ਰੀ ਹਰਿਵੰਸ਼ ਲਾਲ ਕਾਂਸਲ ਅਤੇ ਸਲੋਚਨਾ ਕਾਂਸਲ ਦੀਆਂ ਪੋਤੀਆਂ ਖੁਸ਼ੀ ਕਾਂਸਲ ਅਤੇ ਹਿਮਾਂਸ਼ੀ ਕਾਂਸਲ ਨੇ ਆਈਸੀਐਸਈ ਦੀ ਬਾਰਵੀਂ ਕਾਮਰਸ ਦੀ ਪ੍ਰੀਖਿਆ ‘ਚੋਂ 99.75 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ। ਖੁਸ਼ੀ ਅਤੇ ਹਿਮਾਸ਼ੀ ਦੋਵੇਂ ਚਚੇਰੀਆਂ ਭੈਣਾਂ ਹਨ । ਦੋਵਾਂ ਦੀ ਪ੍ਰਾਪਤੀ ’ਤੇ ਖੁਸ਼ੀ ਦੇ ਪਿਤਾ ਦਵਿੰਦਰ ਕਾਂਸਲ ਅਤੇ ਮਾਤਾ ਨਿਸ਼ਾ ਕਾਂਸਲ ਅਤੇ ਹਿਮਾਂਸ਼ੀ ਦੇ ਪਿਤਾ ਨਰਿੰਦਰ ਕਾਂਸਲ ਅਤੇ ਮਾਤਾ ਵੰਦਨਾ ਕਾਂਸਲ ਸਮੇਤ ਦਾਦਾ-ਦਾਦੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਖੁਸ਼ੀ ਤੇ ਹਿਮਾਂਸ਼ੀ ਨੇ ਆਪਣੀ ਇਸ ਪ੍ਰਾਪਤੀ ਪਿੱਛੇ ਆਪਣੇ ਦਾਦਾ-ਦਾਦੀ ਦੀ ਵੱਡੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੜਾਈ ਦੇ ਖੇਤਰ ਵਿੱਚ ਉਨਾਂ ਦਾ ਮਾਰਗ-ਦਰਸ਼ਨ ਸਾਡੀ ਪ੍ਰੇਰਣਾ ਬਣਿਆ ਅਤੇ ਮਾਤਾ-ਪਿਤਾ ਨੇ ਸਵੇਰੇ ਜਲਦੀ ਉੱਠ ਕੇ ਪੜਾਈ ਕਰਨ ’ਚ ਬਹੁਤ ਸਹਿਯੋਗ ਤੇ ਹੌਂਸਲਾ ਦਿੱਤਾ। ਉਨਾਂ ਮਾਣ ਮਹਿਸੂਸ ਕੀਤਾ ਕਿ ਸਾਰੇ ਪਰਿਵਾਰ ਨੇ ਹਮੇਸ਼ਾ ਪੁੱਤਰਾਂ ਵਾਂਗ ਪਿਆਰ ਦਿੱਤਾ ਹੈ। ਖੁਸ਼ੀ ਤੇ ਹਿਮਾਂਸੀ ਨੇ ਮੰਨਿਆ ਕਿ ਭਾਂਵੇ ਇਹ ਪ੍ਰਾਪਤੀ ਉਨਾਂ ਲਈ ਵੱਡਾ ਹੌਂਸਲਾ ਹੈ ਪਰ ਉਨਾਂ ਦਾ ਸੁਪਨਾ ਬਹੁਤ ਵੱਡਾ ਹੈ ਜਿਸ ਦੀ ਪੂਰਤੀ ਲਈ ਉਹ ਜ਼ਿੰਦ-ਜਾਨ ਲਗਾ ਕੇ ਮਿਹਨਤ ਕਰਨਗੀਆਂ।