ਚੰਡੀਗੜ੍ਹ,28 ਜੁਲਾਈ-ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇੰਜਨੀਅਰਿੰਗ ਦੀ ਪੜ੍ਹਾਈ ਵੀ ਸੂਬੇ ਦੀ ਮਾਂ ਬੋਲੀ ਪੰਜਾਬੀ ਵਿੱਚ ਸ਼ੁਰੂ ਹੋ ਜਾਵੇਗੀ। ਇੰਜੀਨੀਅਰਿੰਗ ਸਿੱਖਿਆ ਨੂੰ ਸੰਭਾਲਣ ਵਾਲੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਕੇਂਦਰ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਦੇ ਆਧਾਰ ‘ਤੇ ਇੰਜੀਨੀਅਰਿੰਗ ਦੀ ਸਿੱਖਿਆ ਪੰਜਾਬੀ ‘ਚ ਪੜ੍ਹਾਉਣ ਲਈ ਸਹਿਮਤੀ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਬੂਟਾ ਸਿੰਘ ਸਿੱਧੂ ਨੇ ਦੱਸਿਆ ਕਿ ਇੰਜਨੀਅਰਿੰਗ ਦੀਆਂ ਕਿਤਾਬਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਦਾ ਕੰਮ ਜ਼ੋਰਾਂ ‘ਤੇ ਹੈ । ਉਨ੍ਹਾਂ ਦੱਸਿਆ ਕਿ ਅਨੁਵਾਦ ਤੋਂ ਬਾਅਦ ਕਿਤਾਬਾਂ ਰਾਜ ਤਕਨੀਕੀ ਸਿੱਖਿਆ ਬੋਰਡ ਨੂੰ ਦਿੱਤੀਆਂ ਜਾਣਗੀਆਂ ਅਤੇ ਪੰਜਾਬੀ ਦੀਆਂ ਕਿਤਾਬਾਂ ਸ਼ਾਇਦ ਆਉਣ ਵਾਲੇ ਸੈਸ਼ਨ ਦੌਰਾਨ ਲਾਗੂ ਕਰ ਦਿੱਤੀਆਂ ਜਾਣਗੀਆਂ।ਉਨ੍ਹਾਂ ਅਨੁਸਾਰ ਇੰਜਨੀਅਰਿੰਗ ਦੀ ਪੜ੍ਹਾਈ ਪੰਜਾਬੀ ਵਿੱਚ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੀ ਗਿਣਤੀ ਵਧੇਗੀ।ਇੰਜਨੀਅਰਿੰਗ ਦੀਆਂ ਕਿਤਾਬਾਂ ‘ਤੇ ਚਰਚਾ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਪਹਿਲੇ ਸਾਲ ਦੀਆਂ ਕਿਤਾਬਾਂ ਵਿਚ ਗਣਿਤ 1 ਅਤੇ 2, ਅਪਲਾਈਡ ਫਿਜ਼ਿਕਸ-1, ਅਪਲਾਈਡ ਕੈਮਿਸਟਰੀ, ਇੰਜੀਨੀਅਰਿੰਗ ਗ੍ਰਾਫਿਕਸ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਇੰਜੀਨੀਅਰਿੰਗ ਅਤੇ ਵਾਤਾਵਰਣ ਵਿਗਿਆਨ ਸ਼ਾਮਲ ਹਨ। ਇਹ ਸਾਰੀਆਂ ਕਿਤਾਬਾਂ ਡਿਪਲੋਮਾ ਪੱਧਰ ਦੀਆਂ ਹਨ। ਬੀ.ਟੈਕ. ਅਤੇ ਕੁੱਲ 62 ਡਿਪਲੋਮਾ ਕੋਰਸ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਏ ਜਾਣਗੇ। ਇਨ੍ਹਾਂ ਵਿੱਚ ਕੰਪਿਊਟਰ ਇੰਜਨੀਅਰਿੰਗ,ਸਿਵਲ ਇੰਜਨੀਅਰਿੰਗ ਅਤੇ ਮਕੈਨੀਕਲ ਇੰਜਨੀਅਰਿੰਗ ਤੋਂ ਲੈ ਕੇ ਸੂਚਨਾ ਤਕਨਾਲੋਜੀ ਤੱਕ ਦੀ ਸਿੱਖਿਆ ਅਤੇ ਖੇਤਰੀ ਭਾਸ਼ਾਵਾਂ ਵਿਚ ਅਜਿਹੇ ਕਈ ਹੋਰ ਕੋਰਸ ਕਰਵਾਏ ਜਾਣਗੇ।










