Gee 98News

ਸ਼ਹੀਦਾਂ ਦੇ ਮੰਚ ‘ਤੇ ਸਿਆਸੀ ਹਮਲੇ : ਮਨਪ੍ਰੀਤ ਬਾਦਲ ਦੁਨੀਆਂ ਦਾ ਸਭ ਤੋਂ ਵੱਡਾ ਡਰਾਮੇਬਾਜ਼ -ਭਗਵੰਤ ਮਾਨ

ਬਰਨਾਲਾ,31 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਸੁਨਾਮ ਵਿਖੇ ਸ਼ਹੀਦ ਉਧਮ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਖ਼ਾਸ ਕਰਕੇ ਤਿੱਖੇ ਹਮਲੇ ਕੀਤੇ। ਭਗਵੰਤ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਡਰਾਮੇਬਾਜ਼ ਦੱਸਦੇ ਹੋਏ ਕਿਹਾ ਕਿ ਡਰਾਮੇਬਾਜ਼ੀ ਦਾ ਆਸਕਰ ਐਵਾਰਡ ਮਨਪ੍ਰੀਤ ਬਾਦਲ ਨੂੰ ਮਿਲਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਵਾਲੇ ਲੀਡਰਾਂ ਤੋਂ ਕੱਲੇ-ਕੱਲੇ ਪੈਸੇ ਦਾ ਹਿਸਾਬ ਲਿਆ ਜਾਵੇਗਾ ਭਾਵੇਂ ਮੈਨੂੰ ਸਿਆਸਤ ਵਿੱਚ ਲਿਆਉਣ ਵਾਲਾ ਮਨਪ੍ਰੀਤ ਬਾਦਲ ਹੀ ਕਿਉਂ ਨਾ ਹੋਵੇ। ਸੁਖਬੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਦਾ ਨਾਮ ਲਏ ਬਿਨਾਂ ਤਿੱਖੇ ਹਮਲੇ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ “ਕਾਕਾ ਜੀ ਅਤੇ ਬੀਬਾ ਜੀ” ਤੋਂ ਖਹਿੜਾ ਛੁਡਵਾਉਣਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜੇ ਆਮ ਲੋਕਾਂ ਨੂੰ 15 ਅਗਸਤ ਵਾਲੀ ਆਜ਼ਾਦੀ ਨਹੀਂ ਮਿਲੀ ਕਿਉਂਕਿ ਆਜ਼ਾਦੀ ਹੁਣ ਤੱਕ ਮਹਿਲਾਂ ਤੱਕ ਹੀ ਸੀਮਤ ਰਹੀ । ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਜ਼ਾਦੀ ਦਾ ਅਨੰਦ ਦਿਵਾਉਣ ਲਈ ਸੰਘਰਸ਼ ਜਾਰੀ ਹੈ ਅਤੇ ਹੁਣ ਇਸਦੀ ਥੋੜੀ-ਥੋੜੀ ਝਲਕ ਪੈਣ ਲੱਗ ਪਈ ਹੈ। ਸ਼ਹੀਦ ਸ. ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਬਦਲਾ ਲੈ ਕੇ ਇਹ ਜ਼ਾਹਿਰ ਕਰ ਦਿੱਤਾ ਕਿ ਜਿਹਨਾਂ ਨੇ ਸਾਡੇ ਨਾਲ ਪੰਗਾ ਲਿਆ ਅਸੀਂ ਉਹਨਾਂ ਨੂੰ ਕਦੇ ਨਹੀਂ ਬਖਸ਼ਿਆ।

error: Content is protected !!