ਚੰਡੀਗੜ੍ਹ, 27 ਅਗਸਤ-ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਡ ਗੈਂਗਸਟਰ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੇ ਯਤਨ ਕਾਮਯਾਬ ਹੋ ਰਹੇ ਹਨ। ਹਾਂਗਕਾਂਗ ਦੀ ਹਾਈਕੋਰਟ ਵਲੋਂ ਰੋਮੀ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਉਸ ਨੂੰ ਭਾਰਤ ਲਿਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਨਾਭਾ ਜੇਲ੍ਹ ਤੋਂ 6 ਕੈਦੀ ਫਰਾਰ ਹੋ ਗਏ ਸਨ ਤੇ ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਰੋਮੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਪ੍ਰੰਤੂ ਜ਼ਮਾਨਤ ਹੋਣ ਤੋਂ ਬਾਅਦ ਉਹ ਹਾਂਗਕਾਂਗ ਦੌੜ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਵਾਪਸ ਲਿਆਉਣ ਦੀ ਕਾਰਵਾਈ ਕਰ ਰਹੀ ਸੀ । ਪੰਜਾਬ ਪੁਲਿਸ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਕੋਲ ਉਠਾਇਆ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਰੋਮੀ ਦੀ ਹਵਾਲਗੀ ਦੇ ਯਤਨ ਸ਼ੁਰੂ ਕੀਤੇ ਅਤੇ ਭਾਰਤ ਦੀ ਬੇਨਤੀ ਮੰਨਦੇ ਹੋਏ ਹਾਂਗਕਾਂਗ ਨੇ ਰੋਮੀ ਦੀ ਹਵਾਲਗੀ ਦੀ ਮਨਜ਼ੂਰੀ ਦੇ ਦਿੱਤੀ ਪ੍ਰੰਤੂ ਗੈਂਗਸਟਰ ਰੋਮੀ ਨੇ ਹਾਂਗਕਾਂਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਹੁਣ ਹਾਈਕੋਰਟ ਨੇ ਰੋਮੀ ਦੀ ਅਪੀਲ ਰੱਦ ਕਰ ਦਿੱਤੀ ਜਿਸ ਤੋਂ ਬਾਅਦ ਉਸਨੂੰ ਭਾਰਤ ਲਿਆਉਣ ਦਾ ਰਾਹ ਪੱਧਰਾ ਹੋ ਗਿਆ ਹੈ।









