Skip to main content

Gee 98News

ਪਾਵਰਕਾਮ ਨੇ ਬਿੱਲ ਨਾ ਭਰਨ ਵਾਲੇ ਡਿਫਾਲਟਰ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ, 26 ਅਗਸਤ-ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖਪਤਕਾਰਾਂ ਲਈ ਸ਼ੁਰੂ ਕੀਤੀ ਯਕਮੁਸ਼ਤ ਨਿਬੇੜਾ ਸਕੀਮ ਵੀ ਮਿਆਦ 24 ਨਵੰਬਰ ਤੱਕ ਵਧਾ ਦਿੱਤੀ ਹੈ । ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਹ ਸਕੀਮ (ਏਨੀ ਖਪਤਕਾਰਾਂ ਨੂੰ ਛੱਡ ਕੇ) ਬਾਕੀ ਸਾਰੇ ਖਪਤਕਾਰਾਂ ਲਈ ਜਾਰੀ ਰਹੇਗੀ। ਬਿਜਲੀ ਮੰਤਰੀ ਨੇ ਇਸ ਸਕੀਮ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਕਿਹਾ ਕਿ ਇਸ ਓਟੀਐੱਸ ਸਕੀਮ ਅਧੀਨ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਉਪਰ ਦੇਰੀ ਨਾਲ ਅਦਾਇਗੀ ’ਤੇ ਵਿਆਜ 9 ਫੀਸਦੀ ਦੀ ਸਾਧਾਰਨ ਦਰ ਦੇ ਹਿਸਾਬ ਨਾਲ ਲਿਆ ਜਾਵੇਗਾ ਜਦੋਂਕਿ ਪਹਿਲਾਂ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਉਪਰ ਲੇਟ ਅਦਾਇਗੀ ’ਤੇ 18 ਫੀਸਦੀ ਕੰਪਾਉਂਡਿਡ ਦੇ ਹਿਸਾਬ ਨਾਲ ਵਿਆਜ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਘੱਟ ਹੈ ਤਾਂ ਕੋਈ ਵੀ ਫਿਕਸਡ ਚਾਰਜਿਜ਼ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੁਨੈਕਸ਼ਨ ਕੱਟਣ ਦੀ ਮਿਤੀ ਤੋਂ ਕੁਨੈਕਸ਼ਨ ਜੋੜਨ ਦੀ ਮਿਆਦ ਛੇ ਮਹੀਨੇ ਜਾਂ ਇਸ ਤੋਂ ਵੱਧ ਹੈ ਤਾਂ ਫਿਕਸਡ ਚਾਰਜਿਜ਼ ਕੇਵਲ ਛੇ ਮਹੀਨਿਆਂ ਲਈ ਹੀ ਲਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਵਿੱਚ ਖਪਤਕਾਰ ਵੱਲੋਂ ਬਕਾਇਆ ਰਕਮ ਨੂੰ ਇਕ ਸਾਲ ਦੇ ਅੰਦਰ ਚਾਰ ਕਿਸ਼ਤਾਂ ਵਿਚ ਜਮ੍ਹਾਂ ਕਰਵਾਇਆ ਜਾ ਸਕੇਗਾ, ਜਦੋਂਕਿ ਪਹਿਲਾਂ ਅਜਿਹੀ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖਪਤਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦੀ ਅਪੀਲ ਕੀਤੀ।

error: Content is protected !!