Gee 98News

ਚੰਡੀਗੜ੍ਹ, 8 ਸਤੰਬਰ-ਪੰਜਾਬ ਸਰਕਾਰ ਜਨਮ ਅਤੇ ਮੌਤ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜ਼ੀਟਲ ਕਰਨ ਜਾ ਰਹੀ ਹੈ। ਖ਼ਬਰਾਂ ਅਨੁਸਾਰ ਸਰਕਾਰ ਵੱਲੋਂ ਜਨਮ ਤੇ ਮੌਤ ਦੇ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਵੀ ਸੌਖਾ ਕਰਨ ਲਈ ਸਬੰਧਤ ਵਿਭਾਗ ਨੂੰ ਇੱਕ ਮੋਬਾਈਲ ਐਪ ਤਿਆਰ ਕਰਨ ਲਈ ਕਿਹਾ ਹੈ। ਇਹ ਐਪ ਹਰੇਕ ਹਸਪਤਾਲ, ਨਰਸਿੰਗ ਹੋਮ ਤੇ ਸ਼ਮਸ਼ਾਨਘਾਟ ਨਾਲ ਜੁੜਿਆ ਹੋਵੇਗਾ, ਜਿਹੜੀ ਵੀ ਸਿਹਤ ਸੰਸਥਾ ਵਿੱਚ ਕਿਸੇ ਬੱਚੇ ਦਾ ਜਨਮ ਹੋਵੇਗਾ ਤਾਂ ਉਸ ਸੰਸਥਾ ਨੂੰ ਬੱਚੇ ਦਾ ਡਾਟਾ ਇਸ ਮੋਬਾਇਲ ਐਪ ‘ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਕਿਸੇ ਦੀ ਮੌਤ ਹੋ ਜਾਣ ‘ਤੇ ਮ੍ਰਿਤਕ ਵਿਅਕਤੀ ਦਾ ਡਾਟਾ ਵੀ ਅਪਲੋਡ ਕੀਤਾ ਜਾਵੇਗਾ। ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਤੋਂ ਜਨਮ ਅਤੇ ਮੌਤ ਸਬੰਧੀ ਸਾਰਾ ਡਾਟਾ ਸ਼ੇਅਰ ਹੁੰਦੇ ਹੀ ਸਥਾਨਕ ਸਰਕਾਰਾਂ ਵਿਭਾਗ ਜਨਮ ਤੇ ਮੌਤ ਦਾ ਸਰਟੀਫਿਕੇਟ ਤਿਆਰ ਕਰ ਕੇ ਸਬੰਧਤ ਲੋਕਾਂ ਦੇ ਘਰ ’ਚ ਭੇਜ ਦੇਵੇਗਾ ਜਾਂ ਫਿਰ ਮੋਬਾਈਲ ਐਪ ’ਤੇ ਅਪਲੋਡ ਕਰ ਦੇਵੇਗਾ ਜਿੱਥੋਂ ਉਸ ਨੂੰ ਪ੍ਰਿੰਟ ਕੀਤਾ ਜਾ ਸਕੇਗਾ। ਸੂਬੇ ‘ਚ ਜਨਮ ਅਤੇ ਮੌਤ ਦਾ ਸਰਟੀਫਿਕੇਟ ਬਣਾਉਣ ਦੀ ਮੌਜੂਦਾ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ, ਲੋਕਾਂ ਨੂੰ ਦਫਤਰਾਂ ਦੇ ਕਈ-ਕਈ ਚੱਕਰ ਕੱਟਣੇ ਪੈਂਦੇ ਹਨ। ਜਨਮ ਅਤੇ ਮੌਤ ਦੇ ਸਰਟੀਫਿਕੇਟ ਵਿੱਚ ਜੇਕਰ ਸਬੰਧਤ ਅਧਿਕਾਰੀਆਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਸਨੂੰ ਠੀਕ ਕਰਵਾਉਣ ਲਈ ਤਾਂ ਹਾੜੇ ਵੀ ਕੱਢਣੇ ਪੈਂਦੇ ਹਨ ਅਤੇ ਰਿਸ਼ਵਤ ਵੱਖਰੀ ਦੇਣੀ ਪੈਂਦੀ ਹੈ। ਡਿਜੀਟਲ ਐਪ ਸ਼ੁਰੂ ਹੋਣ ਦੀ ਸੂਰਤ ਵਿੱਚ ਇਨ੍ਹਾਂ ਗਲਤੀਆਂ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ ਅਤੇ ਲੋਕਾਂ ਨੂੰ ਇਹ ਇੱਕ ਵੱਡੀ ਸਹੂਲਤ ਹੋਵੇਗੀ। ਸੂਤਰਾਂ ਅਨੁਸਾਰ ਮੁੱਖ ਸਕੱਤਰ ਪੱਧਰ ਤੱਕ ਇਸ ਸਬੰਧੀ ਕਈ ਬੈਠਕਾਂ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *

error: Content is protected !!