Gee 98News

ਬਰਨਾਲਾ, 9 ਸਤੰਬਰ (ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹੇ ਦੇ ਪਿੰਡ ਪੱਖੋਕੇ ਅਤੇ ਮੱਲੀਆਂ ਦੀ ਕੋਆਪਰੇਟਿਵ ਸੁਸਾਇਟੀ ਵਿੱਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਪੀੜ੍ਹਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦਵਾਉਣ ਲਈ ਪਿਛਲੇ 24 ਦਿਨਾਂ ਤੋਂ ਡੀਸੀ ਦਫ਼ਤਰ ਅੱਗੇ ਲਗਾਏ ਪੱਕੇ ਮੋਰਚੇ ਤੋਂ ਬਾਅਦ ਵੀ ਜਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜ੍ਹਤ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਾਦੀਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਡੀਸੀ ਦਫ਼ਤਰ ਤੋਂ ਕੈਬਨਿਟ ਮੰਤਰੀ ਮੀਤ ਹੇਅਰ ਦੇ ਦਫ਼ਤਰ ਵੱਲ ਕੂਚ ਕਰ ਦਿੱਤਾ। ਵੱਡੀ ਗਿਣਤੀ ਵਿੱਚ ਕਿਸਾਨ ਜਦ ਨਾਅਰੇ ਮਾਰਦੇ ਲੱਖੀ ਕਲੋਨੀ ‘ਚ ਸਥਿਤ ਕੈਬਨਿਟ ਮੰਤਰੀ ਮੀਤ ਹੇਅਰ ਦੇ ਦਫ਼ਤਰ ਨੇੜੇ ਪੁੱਜੇ ਤਾਂ ਦਫ਼ਤਰ ਵਿੱਚ ਡਿਊਟੀ ‘ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਦਫ਼ਤਰ ਦੇ ਮੁੱਖ ਗੇਟ ਨੂੰ ਜਿੰਦਾ ਲਗਾ ਦਿੱਤਾ ਅਤੇ ਪੁਲਿਸ ਨੇ ਗੱਡੀਆਂ, ਟੇਢੀਆਂ ਕਰਕੇ ਅਤੇ ਅੱਗੇ ਹੋ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਣ ਕਿਸਾਨ ਪੁਲਿਸ ਦੀਆਂ ਰੋਕਾਂ ਤੋੜ੍ਹ ਕੇ ਸ੍ਰੀ ਮੀਤ ਹੇਅਰ ਦਫ਼ਤਰ ਦੇ ਮੁੱਖ ਗੇਟ ਤੱਕ ਪੁੱਜੇ ਅਤੇ ਧਰਨਾ ਲਗਾ ਕੇ ਬੈਠੇ । ਇਸ ਮੌਕੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਝੜਪ ਵੀ ਹੋਈ ਪ੍ਰੰਤੂ ਪੁਲਿਸ ਦੀ ਨਫਰੀ ਘੱਟ ਹੋਣ ਕਾਰਨ ਕਿਸਾਨ ਦਫ਼ਤਰ ਦੇ ਮੁੱਖ ਗੇਟ ਤੱਕ ਪੁੱਜਣ ਦੇ ਵਿੱਚ ਕਾਮਯਾਬ ਰਹੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਾਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਲਗਭਗ ਸੱਤ ਕਰੋੜ ਦਾ ਘਪਲਾ ਹੋਣ ਦੇ ਬਾਵਜੂਦ ਵੀ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ।‌ ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸੁਸਾਇਟੀ ਵਿੱਚ ਸੰਘਰਸ਼ ਕੀਤਾ ਪ੍ਰੰਤੂ ਜਦ ਕੋਈ ਸੁਣਵਾਈ ਨਾ ਹੋਈ ਤਾਂ ਪਿਛਲੇ 24 ਦਿਨਾਂ ਤੋਂ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਪ੍ਰੰਤੂ ਪੱਕੇ ਮੋਰਚੇ ਤੋਂ ਬਾਅਦ ਵੀ ਪ੍ਰਸ਼ਾਸਨਿਕ ਅਧਿਕਾਰੀ ਜਦ ਟਸ ਤੋਂ ਮੱਸ ਨਾ ਹੋਏ ਤਾਂ ਸੰਕੇਤਕ ਤੌਰ ‘ਤੇ ਕੈਬਨਿਟ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੱਖੋਕੇ ਅਤੇ ਮੱਲੀਆਂ ਦੀ ਸੁਸਾਇਟੀ ਵਿੱਚ ਹੋਏ ਘਪਲੇ ਸਬੰਧੀ ਸਰਕਾਰ ਸੰਜੀਦਾ ਨਾ ਹੋਈ ਅਗਲਾ ਸੰਘਰਸ਼ ਤਿੱਖਾ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ।

Leave a Reply

Your email address will not be published. Required fields are marked *

error: Content is protected !!