Skip to main content

Gee 98News

“ਐਰੇ ਗੈਰੇ…ਨੱਥੂ ਖੈਰੇ” ਵਾਲੀ ਟਿੱਪਣੀ ਕਰਕੇ ਭਗਵੰਤ ਮਾਨ ਵਿਵਾਦਾਂ ‘ਚ ਫਸੇ

ਚੰਡੀਗੜ੍ਹ, 9 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਜਲੰਧਰ ਵਿਖੇ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਆਪਣੇ ਭਾਸ਼ਣ ਦੌਰਾਨ ਕੀਤੀ ” ਨੱਥੂ ਖੈਰਾ” ਵਾਲੀ ਟਿੱਪਣੀ ਕਰਕੇ ਵਿਵਾਦਾਂ ਵਿੱਚ ਫਸਦੇ ਨਜ਼ਰ ਆ ਰਹੇ ਹਨ । ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਲੀਡਰਾਂ ਉਪਰ ਹਮਲਾ ਕਰਦੇ ਹੋਏ ਕਿਹਾ ਸੀ ਕਿ “ਮੈਨੂੰ ਕਿਸੇ ਐਰੇ ਗੈਰੇ,ਨੱਥੂ ਖਹਿਰੇ ਦੀ ਪ੍ਰਵਾਹ ਨਹੀਂ” । ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਟਿੱਪਣੀ ‘ਤੇ ਘੇਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਜਾਣ ਬੁੱਝ ਕੇ ਸਿੱਖ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਇਤਿਹਾਸਕ ਵੇਰਵਿਆਂ ਦਾ ਹਵਾਲਾ ਦਿੰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਵੱਢ ਕੇ ਲਿਜਾਣ ਵਾਲੇ ਭਾਈ ਮਹਿਤਾਬ ਸਿੰਘ ਹੁਰਾਂ ਨੂੰ ਮੁਗਲ ਫੌਜਾਂ ਲੱਭ ਰਹੀਆਂ ਸੀ ਤਾਂ ਮਹਿਤਾਬ ਸਿੰਘ ਹੁਰਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ ਸੱਤ ਵਰ੍ਹਿਆਂ ਦੇ ਪੁੱਤਰ ਨੂੰ ਆਪਣੇ ਜਿਗਰੀ ਯਾਰ ਨੱਥਾ ਖੈਰਾ ਨੂੰ ਸੌਂਪ ਦਿੱਤਾ ਅਤੇ ਉਸਦੀ ਰਾਖੀ ਕਰਨ ਦੀ ਬੇਨਤੀ ਕੀਤੀ। ਖਹਿਰਾ ਨੇ ਜਿਕਰ ਕੀਤਾ ਕਿ ਨੱਥੂ ਖੈਰਾ ਉਹ ਮਹਾਨ ਹਸਤੀ ਸੀ ਜਿਸਨੇ ਮੱਸਾ ਰੰਗੜ ਦਾ ਸਿਰ ਕਲਮ ਕਰਨ ਵਾਲੇ ਭਾਈ ਮਹਿਤਾਬ ਸਿੰਘ ਦੇ 7 ਵਰ੍ਹਿਆਂ ਦੇ ਪੁੱਤਰ ਨੂੰ ਮੁਗ਼ਲਾਂ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਦਲੇ ਵਿੱਚ ਮੁਗਲ ਫੌਜਾਂ ਨੇ ਨੱਥਾ ਖੈਰਾ ਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਸੀ, ਪਰੰਤੂ ਜਿਉਂਦੇ ਜੀਅ ਨੱਥਾ ਖੈਰਾ ਨੇ ਭਾਈ ਮਹਿਤਾਬ ਸਿੰਘ ਦੇ ਸੱਤ ਵਰ੍ਹਿਆਂ ਦੇ ਬੇਟੇ ਰਾਏ ਸਿੰਘ ਨੂੰ ਮੁਗਲ ਫੌਜਾਂ ਨੂੰ ਨਹੀਂ ਸੌਂਪਿਆ ਸੀ । ਖਹਿਰਾ ਨੇ ਕਿਹਾ ਕਿ ਜਾਂ ਤਾਂ ਭਗਵੰਤ ਮਾਨ ਇਤਿਹਾਸ ਤੋਂ ਬਿਲਕੁਲ ਹੀ ਕੋਰਾ ਹੈ ਅਤੇ ਜਾਂ ਫਿਰ ਜਾਣ ਬੁੱਝ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਖਿੱਲੀ ਉਡਾਉਣ ਬਦਲੇ ਮਾਫ਼ੀ ਮੰਗਣੀ ਚਾਹੀਦੀ ਹੈ।

error: Content is protected !!